ਡਾ. ਮੁਹੰਮਦ ਇਦਰੀਸ
ਭਾਰਤ ਸਮੇਤ ਵਿਸ਼ਵ ਦੇ 58 ਦੇਸ਼ਾਂ ’ਤੇ ਯੂ.ਕੇ. ਨੇ ਪਿਛਲੇ ਦੋ ਸਾਲਾਂ ਦੌਰਾਨ ਸਾਮਰਾਜਵਾਦ ਅਤੇ ਨਵ-ਸਾਮਰਾਜਵਾਦ ਦੇ ਹਵਾਲੇ ਨਾਲ ਰਾਜ ਕੀਤਾ ਹੈ। ਭਾਰਤ ਉੱਪਰ ਬਰਤਾਨਵੀਆਂ ਵੱਲੋਂ ਤਿੰਨ ਪੜਾਵਾਂ ਵਿਚ ਰਾਜ ਸਥਾਪਿਤ ਕੀਤਾ ਗਿਆ ਸੀ। ਪਹਿਲਾ ਪੜਾਅ 1600-1757 ਈਸਵੀ ਤਕ ਵੱਖ-ਵੱਖ ਭਾਰਤੀ ਇਲਾਕਿਆਂ ’ਤੇ ਅੰਗਰੇਜ਼ ਵਪਾਰੀਆਂ, ਸੈਨਿਕਾਂ, ਅਧਿਕਾਰੀਆਂ ਅਤੇ ਹੋਰ ਮਰਜੀਵੜਿਆਂ ਵੱਲੋਂ ਅਧਿਕਾਰ ਸਥਾਪਿਤ ਕਰਨਾ ਸੀ। ਇਸ ਸਮੇਂ ਦੌਰਾਨ ਹੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ 1757 ਤੋਂ 1857 ਈਸਵੀ ਤਕ ਈਸਟ ਇੰਡੀਆ ਕੰਪਨੀ ਵੱਲੋਂ ਕੰਪਨੀ ਦੇ ਰੂਪ ਵਿਚ ਰਾਜ ਕੀਤਾ ਗਿਆ ਸੀ। 1857 ਈਸਵੀ ਦੇ ਭਾਰਤੀ ਰਾਸ਼ਟਰ ਵਿਦਰੋਹ ਉਪਰੰਤ 1858 ਈਸਵੀ ਦੇ ਮਹਾਰਾਣੀ ਦੇ ਘੋਸ਼ਣਾ ਪੱਤਰ ਨਾਲ 1858 ਤੋਂ 1947 ਤਕ ਬਰਤਾਨਵੀ ਰਾਜ ਦਾ ਸਿੱਧਾ ਅਧਿਕਾਰ ਸਥਾਪਿਤ ਰਿਹਾ ਸੀ।
ਬਰਤਾਨਵੀ ਰਾਜ ਲੰਮਾ ਸਮਾਂ ਸਥਾਪਿਤ ਰਹਿਣ ਨਾਲ ਭਾਰਤੀ ਸਮਾਜ, ਸਿੱਖਿਆ, ਸਾਹਿਤ, ਸੱਭਿਆਚਾਰ, ਰਾਜਨੀਤੀ, ਆਰਥਿਕਤਾ, ਧਰਮ ਅਤੇ ਇਤਿਹਾਸ ’ਤੇ ਬਰਤਾਨਵੀ ਸੱਭਿਅਤਾ ਅਤੇ ਸਮਾਜ ਦਾ ਚਿਰ ਸਥਾਈ ਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ। ਬਰਤਾਨਵੀਆਂ ਦੇ ਇੱਥੇ ਆਉਣ ਨਾਲ ਅਤੇ ਭਾਰਤੀ ਬਸਤੀ ਦੇ ਸੈਨਿਕਾਂ ਦਾ ਪਹਿਲੇ ਤੇ ਦੂਜੇ ਮਹਾਂਯੁੱਧਾਂ ਵਿਚ ਭਾਗ ਲੈਣ ਨਾਲ ਪੁਨਰ ਜਾਗਰਣ, ਧਰਮ ਸੁਧਾਰ ਅੰਦੋਲਨ ਅਤੇ ਉਦਯੋਗਿਕ ਕ੍ਰਾਂਤੀ ਵਰਗੀਆਂ ਵਿਸ਼ਵ ਪਰਿਵਰਤਨ ਵਾਲੀਆਂ ਘਟਨਾਵਾਂ ਦੇ ਪ੍ਰਭਾਵ ਭਾਰਤੀਆਂ ਉੱਪਰ ਪੈਣ ਕਾਰਨ ਇੱਥੋਂ ਮਿਥਿਹਾਸਕ, ਰੂੜੀਵਾਦੀ ਤੇ ਪੁਰਾਤਨ ਤਰਕਹੀਣ ਵਿਚਾਰਾਂ ਦਾ ਖਾਤਮਾ ਹੋਣ ਲੱਗਿਆ ਸੀ।
ਉਦਯੋਗਿਕ ਕ੍ਰਾਂਤੀ (1720-1780 ਈਸਵੀ) ਉਪਰੰਤ ਆਵਾਜਾਈ ਤੇ ਸੰਚਾਰ ਦੇ ਸਾਧਨ ਵੀ ਵਿਕਸਤ ਹੋਣ ਕਰਕੇ ਭਾਰਤੀਆਂ ਨੇ ਵਿਦੇਸ਼ਾਂ ਸਿੰਘਾਪੁਰ, ਜਪਾਨ, ਕੈਨੇਡਾ ਅਤੇ ਅਮਰੀਕਾ ਜਾਣਾ ਸ਼ੁਰੂ ਕੀਤਾ ਸੀ। 1857 ਈਸਵੀ ਤੋਂ ਬਾਅਦ ਬਰਤਾਨੀਆ ਦੇ ਅਧੀਨ ਹੋਣ ਕਾਰਨ ਵਧੇਰੇ ਪੰਜਾਬੀ ਸੈਨਿਕਾਂ ਵਜੋਂ, ਉਚੇਰੀ ਪੜ੍ਹਾਈ ਹਿੱਤ ਜਾਂ ਰੁਜ਼ਗਾਰ ਲਈ ਯੂ.ਕੇ. ਦੇ ਵੱਖ-ਵੱਖ ਦੇਸ਼ਾਂ ਵਿਚ ਗਏ ਸਨ। ਭਾਵੇਂ ਆਵਾਜਾਈ, ਸੰਚਾਰ ਦੇ ਸਾਧਨ ਫੋਨ, ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਅੱਜ ਆਮ ਹੈ, ਪਰ ਫਿਰ ਵੀ ਵਧੇਰੇ ਪੰਜਾਬੀਆਂ ਨੂੰ ਇੰਗਲੈਂਡ, ਬ੍ਰਿਟੇਨ, ਗ੍ਰੇਟ ਬ੍ਰਿਟੇਨ ਅਤੇ ਯੂ.ਕੇ. ਦੇ ਸ਼ਬਦਾਂ ਦੇ ਪਿਛੋਕੜ, ਭੂਗੋਲਿਕ ਖੇਤਰ ਅਤੇ ਸਥਾਪਨਾ ਬਾਰੇ ਜਾਣਕਾਰੀ ਨਹੀਂ ਹੈ।
ਮੌਜੂਦਾ ਯੂਨਾਈਟਡ ਕਿੰਗਡਮ (ਯੂ.ਕੇ.) ਤੋਂ ਭਾਵ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇਸ਼ਾਂ ਦੇ ਸੰਯੁਕਤ ਰਾਜ ਤੋਂ ਹੈ। ਸੰਯੁਕਤ ਰਾਜ ਦੇ ਇਤਿਹਾਸ ਨੂੰ ਜੇਕਰ ਪੁਰਾਤਨ ਕਾਲ ਤੋਂ ਵੇਖਿਆ ਜਾਵੇ ਤਾਂ ਭੂਗੋਲਿਕ ਤੌਰ ’ਤੇ ਵੱਖ-ਵੱਖ ਸਮਿਆਂ ਦੌਰਾਨ ਇਸ ਧਰਤੀ ’ਤੇ ਅਨੇਕਾਂ ਰਿਆਸਤਾਂ ਸਥਾਪਤ ਰਹੀਆਂ ਹਨ। ਇਤਿਹਾਸਕਾਰ ਇਵੌਰ ਨੌਰਮੈਨ ਰਿਚਰਡ ਡੇਵੀਸ ਦੀ ਕਿਤਾਬ ‘ਦਿ ਆਇਲਸ: ਏ ਹਿਸਟਰੀ, 1999’ ਅਨੁਸਾਰ ਸੰਯੁਕਤ ਰਾਜ (ਯੂ.ਕੇ.) ਦੇ ਇਲਾਕਿਆਂ ਵਿਚ ਪਿਛਲੇ ਦੋ ਹਜ਼ਾਰ ਸਾਲਾਂ ਦੌਰਾਨ 16 ਰਾਜ ਸਥਾਪਤ ਰਹੇ ਹਨ। ਮੌਜੂਦਾ ਯੂ.ਕੇ. ਰਾਜ ਦੀ ਸਥਾਪਤੀ ਦਾ ਇਤਿਹਾਸ ਲਗਭਗ ਪੰਜ ਸੌ ਸਾਲਾਂ ਦਾ ਪੜਾਅਵਾਰ ਹੈ। ਉਪਰੋਕਤ ਚਾਰਾਂ ਦੇਸ਼ਾਂ ਦੀਆਂ ਆਪਣੀਆਂ-ਆਪਣੀਆਂ ਕਾਨੂੰਨ ਵਿਵਸਥਾਵਾਂ, ਝੰਡੇ, ਸੰਵਿਧਾਨਕ ਸ਼ਕਤੀਆਂ ਅਤੇ ਭੂਗੋਲਿਕ ਸਰਹੱਦਾਂ ਸਮੇਤ ਪ੍ਰਭੂਸੱਤਾ ਸੰਪੰਨ ਸਰਕਾਰਾਂ ਹਨ। ਇਨ੍ਹਾਂ ਦੀਆਂ ਰਾਜਧਾਨੀਆਂ ਕ੍ਰਮਵਾਰ ਇੰਗਲੈਂਡ ਦੀ ਲੰਡਨ; ਸਕਾਟਲੈਂਡ ਦੀ ਐਡਨਬਰਗ; ਵੇਲਜ਼ ਦੀ ਕਾਰਡਿਫ ਅਤੇ ਉੱਤਰੀ ਆਇਰਲੈਂਡ ਦੀ ਬੈਲਫਾਸਟ ਹਨ।
ਸੰਯੁਕਤ ਰਾਜ ਦੇ ਇੰਗਲੈਂਡ ਦੇਸ਼ ਦੀਆਂ ਭੂਗੋਲਿਕ ਸਰਹੱਦਾਂ ਪੱਛਮ ਵੱਲੋਂ ਵੇਲਜ਼ ਅਤੇ ਉੱਤਰ ਵੱਲ ਸਕਾਟਲੈਂਡ ਨਾਲ ਲੱਗਦੀਆਂ ਹਨ। ਇੱਥੋਂ ਦੀ ਰਾਸ਼ਟਰੀ ਭਾਸ਼ਾ ਅੰਗਰੇਜ਼ੀ ਅਤੇ ਸਥਾਨਕ ਭਾਸ਼ਾ ਕੋਰਨਿਸ਼ ਹੈ। ਗਰੀਕੋ-ਰੋਮਨ ਲੇਖਕਾਂ ਅਨੁਸਾਰ ਇਤਿਹਾਸਕ ਤੌਰ ’ਤੇ ਜਰਮੈਨਿਕ ਕਬੀਲਿਆਂ ਦੇ ਲੋਕ ਇੱਥੇ ਰਹਿੰਦੇ ਸਨ। ਪੰਜਵੀਂ ਸਦੀ ਵਿਚ ਰੋਮਨਾਂ ਦੇ ਇੰਗਲੈਂਡ ਤੋਂ ਪ੍ਰਭਾਵ ਖ਼ਤਮ ਹੋਣ ਕਾਰਨ ਸਮੁੰਦਰੀ ਟਾਪੂਆਂ ਦੀ ਆਜ਼ਾਦੀ ਇੱਥੇ ਸਥਾਪਤ ਹੋਣ ਲੱਗੀ ਸੀ। ਇੰਗਲੈਂਡ ਦੀ ਧਰਤੀ ’ਤੇ ਹੀ 15 ਜੂਨ 1215 ਈਸਵੀ ਨੂੰ ਅਧਿਕਾਰਾਂ ਦਾ ਮਹਾਨ ਪੱਤਰ ‘ਮੈਗਨਾ ਕਾਰਟਾ’ ਤਿਆਰ ਹੋਇਆ ਸੀ। ਟਿਊਡਰਜ਼ ਅਤੇ ਸਟੂਅਰਟ ਵੰਸ਼ ਅਧੀਨ ਇੰਗਲੈਂਡ ਦਾ ਉਭਾਰ ਬਸਤੀਵਾਦੀ ਸ਼ਕਤੀ ਵਜੋਂ ਹੋਇਆ ਸੀ।
22 ਜੁਲਾਈ 1707 ਨੂੰ ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਵਿਚਕਾਰ ਹੋਈ ਏਕਤਾ ਦੀ ਸੰਧੀ ਅਨੁਸਾਰ 1 ਮਈ 1707 ਤੋਂ ਬ੍ਰਿਟੇਨ ਜਿਸ ਨੂੰ ਗ੍ਰੇਟ ਬ੍ਰਿਟੇਨ ਵੀ ਕਿਹਾ ਜਾਂਦਾ ਹੈ, ਹੋਂਦ ਵਿਚ ਆਇਆ ਸੀ। ਅਮਰੀਕੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਬ੍ਰਿਟੇਨ ਨੂੰ ਅਰਬੀ ਭਾਸ਼ਾ ਵਿਚ ਬਰਤਾਨੀਆ ਕਿਹਾ ਜਾਂਦਾ ਹੈ। ਸਮਾਂ ਬੀਤਣ ਅਤੇ ਬ੍ਰਿਟੇਨ ਵੱਲੋਂ ਬਸਤੀਆਂ ’ਤੇ ਅਧਿਕਾਰ ਕਰਨ ਤੇ ਸੈਨਿਕ ਸਰਵ-ਉੱਚਤਾ ਸਥਾਪਤ ਕਾਰਨ ਬ੍ਰਿਟੇਨ ਦਾ ਵਧੇਰੇ ਪ੍ਰਚੱਲਿਤ ਨਾਮ ਗ੍ਰੇਟ ਬ੍ਰਿਟੇਨ ਬਣ ਗਿਆ।
ਵੇਲਜ਼ ਰਾਜ ਦੀ 1284 ਤੋਂ 1536 ਈਸਵੀ ਤਕ ਵੱਖਰੀ ਹੋਂਦ ਸੀ। 1536 ਤੋਂ 1 ਮਈ 1707 ਈਸਵੀ ਤਕ ਵੇਲਜ਼ ਇੰਗਲੈਂਡ ਦਾ ਹਿੱਸਾ ਰਿਹਾ ਸੀ। ਇਹ ਗ੍ਰੇਟ ਬ੍ਰਿਟੇਨ ਦੇ ਦੱਖਣੀ-ਪੱਛਮੀ ਹਿੱਸੇ ਦਾ ਦੇਸ਼ ਹੈ। ਇੱਥੋਂ ਦੀ ਭਾਸ਼ਾ ਵੇਲਿਸ਼ ਹੈ। ਰਾਜਧਾਨੀ ਸ਼ਹਿਰ ਕਾਰਡਿਫ ਤੇ ਹੋਰ ਸਵੈਨਸੀ, ਨਿਊਪੋਰਟ, ਸੇਂਟ ਡੇਵਿਸ, ਬੰਗੂਰ, ਕੈਰੀਅਨਫੂਨ ਆਦਿ ਟਾਪੂ ਸ਼ਹਿਰ ਹਨ। 32 ਲੱਖ ਵਸੋਂ ਵਾਲਾ ਵੇਲਜ਼ ਸਮੁੰਦਰੀ ਝੀਲਾਂ, ਬੀਚਾਂ ਅਤੇ ਰਾਸ਼ਟਰੀ ਪਾਰਕਾਂ ਕਾਰਨ ਵਿਸ਼ਵ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ।
ਸਕਾਟਲੈਂਡ 843 ਤੋਂ 1707 ਈਸਵੀ ਤਕ ਇਕ ਵੱਖਰਾ ਰਾਜ ਸੀ। ਇਹ ਗ੍ਰੇਟ ਬ੍ਰਿਟੇਨ ਦੇ ਉੱਤਰੀ ਭਾਗ ਵਾਲਾ 790 ਛੋਟੇ-ਵੱਡੇ ਦੀਪਾਂ-ਟਾਪੂਆਂ ਦਾ ਸੰਗਠਿਤ ਰਾਜ ਹੈ। ਐਡਨਬਰਗ ਰਾਜਧਾਨੀ ਅਤੇ ਗਲਾਸਗੋ ਵੱਡਾ ਤੇ ਹੋਰ ਦਨਦੀ, ਅਬਰਦੀਨ, ਇਨਵਰਨਸ, ਪਰਥ, ਸਟਿਰਲਿੰਗ, ਸੇਂਟ ਐਂਡਰਿਊਜ, ਐਲਗਿਨ, ਫੋਰਟ ਵਿਲੀਅਮ, ਲਿਵਿੰਗਸਟੋਨ ਅਤੇ ਹੈਮਿਲਟਨ ਆਦਿ ਮਹੱਤਵਪੂਰਨ ਸ਼ਹਿਰ ਹਨ। ਅੰਗਰੇਜ਼ੀ, ਸਕਾਟ, ਸਕਾਟਿਸ਼ ਜਾਈਲੈਕ ਇੱਥੇ ਬੋਲੀਆਂ ਜਾਣ ਵਾਲੀਆਂ ਹੋਰ ਭਾਸ਼ਾਵਾਂ ਹਨ।
ਆਇਰਲੈਂਡ 1541 ਤੋਂ 1801 ਈਸਵੀ ਤਕ ਇਕ ਰਾਜ ਸੀ। ਇਹ ਯੂਰੋਪ ਦੇ ਉੱਤਰ-ਪੱਛਮੀ ਭਾਗ ਵਿਚ ਐਟਲਾਂਟਿਕ ਸਮੁੰਦਰ ਨਾਲ ਮਿਲਦਾ ਰਾਜ ਹੈ। 1801 ਈਸਵੀ ਏਕਤਾ ਸੰਧੀ ਜੋ ਗ੍ਰੇਟ ਬ੍ਰਿਟੇਨ ਦੇ ਰਾਜਾਂ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਦੀ ਆਇਰਲੈਂਡ ਨਾਲ ਹੋਈ ਸੀ, ਅਨੁਸਾਰ ਆਇਰਲੈਂਡ ਹੀ ਪਾਰਲੀਮੈਂਟ ਵੱਲੋਂ ਰਾਜਨੀਤਕ ਏਕਤਾ ਪ੍ਰਵਾਨ ਕੀਤੀ ਸੀ। ਆਇਰਲੈਂਡ 1921 ਈਸਵੀ ਵਿਚ ਦੋ ਭਾਗਾਂ ਵਿਚ ਵੰਡਿਆ ਗਿਆ, ਪਹਿਲਾ ਭਾਗ ‘ਰਿਪਬਲਿਕ ਆਫ ਆਇਰਲੈਂਡ’ ਪੰਜ-ਛੇ ਟਾਪੂਆਂ ਦਾ ਸੰਗ੍ਰਹਿ ਹੈ। ਜਿਸ ਦੀ ਰਾਜਧਾਨੀ ਡਬਲਿਨ ਅਤੇ ਹੋਰ ਸ਼ਹਿਰ ਕੋਰਕ, ਲਿਮਰਿਕ, ਗਾਲਵੇਅ, ਵਾਟਰਫੋਰਡ, ਦਰੋਗਹੇੜਾ, ਦੰਨਦਾਕ, ਬਰੇਅ, ਨਵਾਨ, ਇਲਾਸ, ਕਾਰਲੋਅ ਅਤੇ ਵੈਸਟ-ਪੋਰਟ ਆਦਿ ਹਨ। 1922 ਤੋਂ 1937 ਈਸਵੀ ਤਕ ‘ਆਇਰਸ਼ ਫਰੀ ਸਟੇਟ’, 1937 ਤੋਂ 1949 ਈਸਵੀ ਤਕ ਆਇਰਲੈਂਡ ਅਤੇ 1947 ਤੋਂ ਮੌਜੂਦਾ ਸਮੇਂ ਇਸ ਦਾ ਨਾਮ ‘ਰਿਪਬਲਿਕ ਆਫ ਆਇਰਲੈਂਡ’ ਹੈ।
ਉੱਤਰੀ ਆਇਰਲੈਂਡ ਯੂ.ਕੇ. ਦਾ ਹਿੱਸਾ ਹੈ। ਇਸ ਦਾ ਰਾਜਧਾਨੀ ਸ਼ਹਿਰ ਬੈਲਫਾਸਟ ਅਤੇ ਹੋਰ ਪ੍ਰਮੁੱਖ ਸ਼ਹਿਰ ਡੇਰੀ, ਨਿਊ ਟਾਊਨ, ਐਬੀ, ਬੰਗੋਰ, ਬੈਨਬਰਿਜ, ਹੌਲੀਵੁੱਡ, ਪੋਰਟ ਸਟੀਵਾਰਟ, ਨਿਊ ਕੈਸਲੇ, ਗ੍ਰੀਨਜ਼ ਆਈਲੈਂਡ, ਐਲਿੰਗਟਨ ਆਦਿ ਹਨ।
1921 ਈਸਵੀ ਦੀ ਐਂਗਲੋ-ਆਇਰਸ਼ ਸੰਧੀ ਅਨੁਸਾਰ ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੀ ਏਕਤਾ ਨਾਲ ਸੰਯੁਕਤ ਰਾਜ ਜਿਸ ਦਾ ਨਾਮ ‘ਯੂਨਾਈਟਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਐਂਡ ਨਾਰਦਰਨ ਆਇਰਲੈਂਡ’ (ਯੂ.ਕੇ.) ਹੋਂਦ ਵਿਚ ਆਇਆ ਸੀ। ‘ਰਿਪਬਲਿਕ ਆਫ ਆਇਰਲੈਂਡ’ ਇਸ ਤੋਂ ਵੱਖ ਰਿਹਾ ਸੀ। ਮੌਜੂਦਾ ਯੂ.ਕੇ. ਵਿਚ ਗੋਰੇ, ਕਾਲੇ, ਅਰਬੀ, ਅਫ਼ਰੀਕੀ, ਏਸ਼ੀਅਨ ਅਤੇ ਯੂਰੋਪੀਅਨ ਮਹਾਂਦੀਪਾਂ ਦੇ ਲੋਕ ਰਹਿੰਦੇ ਹਨ। ਜਿਨ੍ਹਾਂ ਵਿਚ ਸਭ ਤੋਂ ਵੱਧ ਇਸਾਈ, ਧਰਮ ਨੂੰ ਨਾ ਮੰਨਣ ਵਾਲੇ, ਮੁਸਲਿਮ, ਹਿੰਦੂ, ਸਿੱਖ, ਯਹੂਦੀ, ਬੋਧੀ ਅਤੇ ਹੋਰ ਧਰਮਾਂ ਦੇ ਲੋਕ ਹਨ।
ਯੂ.ਕੇ. ਦਾ ਨਾ ਕੇਵਲ ਭਾਰਤ ਸਗੋਂ ਆਧੁਨਿਕ ਵਿਸ਼ਵ ਦੀ ਰਾਜਨੀਤੀ, ਇਤਿਹਾਸ, ਸਮਾਜ, ਧਰਮ ਤੇ ਬੜਾ ਡੂੰਘਾ ਪ੍ਰਭਾਵ ਰਿਹਾ ਹੈ। ਦੋਵੇਂ ਵਿਸ਼ਵ ਯੁੱਧਾਂ, ਲੋਕਤੰਤਰ, ਲੀਗ ਆਫ ਨੇਸ਼ਨਜ਼, ਯੂਨਾਈਟਡ ਨੇਸ਼ਨਜ਼ ਆਫ ਆਰਗੇਨਾਈਜੇਸ਼ਨ ਆਦਿ ਲਹਿਰਾਂ ਤੇ ਘਟਨਾਵਾਂ ਵਿਚ ਇਸ ਦੇਸ਼ ਦਾ ਪ੍ਰਤੱਖ ਪ੍ਰਭਾਵ ਹੈ। 2 ਲੱਖ 42 ਹਜ਼ਾਰ 500 ਵਰਗ ਕਿਲੋਮੀਟਰ ਵਿਚ ਫੈਲੇ ਸੰਯੁਕਤ ਰਾਜ ਦੀ ਕੋਈ ਵੀ ਥਾਂ ਸਮੁੰਦਰੀ ਤੱਟ ਤੋਂ 113 ਕਿਲੋਮੀਟਰ ਤੋਂ ਦੂਰ ਨਹੀਂ ਹੈ। 6 ਕਰੋੜ 56 ਲੱਖ ਦੇ ਲਗਭਗ ਕੁੱਲ ਆਬਾਦੀ ਵਾਲੇ ਯੂ.ਕੇ. ਵੱਲੋਂ ਹੋਰ ਅਨੇਕਾਂ ਵਿਸ਼ਵ ਰਿਕਾਰਡ ਸਥਾਪਤ ਕਰਨ ਤੋਂ ਇਲਾਵਾ ਦੁਨੀਆਂ ਦੀ ਸਭ ਤੋਂ ਘੱਟ ਸਮੇਂ 2 ਮਿੰਟ ਦੀ ਫਲਾਇਟ ਦਾ ਰਿਕਾਰਡ ਵੀ ਸਥਾਪਤ ਹੈ।
ਸੰਪਰਕ: 98141-71786