ਸ਼ਮੀਲ
ਪੰਜਾਬ ਤੋਂ ਕੈਨੇਡਾ ਵਿਚ ਪੜ੍ਹਨ ਆਏ ਨਵੇਂ ਬੱਚੇ, ਜਿਨ੍ਹਾਂ ਨੂੰ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਕਿਹਾ ਜਾਂਦਾ ਹੈ, ਇੱਥੇ ਪਹਿਲਾਂ ਤੋਂ ਰਹਿ ਰਹੇ ਸਾਡੇ ਲੋਕਾਂ ਦਾ ਪਸੰਦੀਦਾ ਵਿਸ਼ਾ ਹੈ। ਇਨ੍ਹਾਂ ਦੀ ਕੋਈ ਵੀ ਬੁਰੀ ਗੱਲ, ਕੋਈ ਵੱਖਰੀ ਆਦਤ, ਕੋਈ ਕਾਰਵਾਈ ਸਾਹਮਣੇ ਆ ਜਾਵੇ ਤਾਂ ਬਰੈਂਪਟਨ, ਸਰੀ ਦੇ ਪੰਜਾਬੀ ਰੇਡੀਓ ਪ੍ਰੋਗਰਾਮਾਂ ਅਤੇ ਇੱਥੋਂ ਰਹਿੰਦੇ ਲੋਕਾਂ ਦੇ ਫੇਸਬੁੱਕ ਪੇਜਾਂ ’ਤੇ ਉਸਦੀ ਚਰਚਾ ਹੋਣ ਲੱਗਦੀ ਹੈ। ਤਿੰਨ-ਚਾਰ ਸਾਲ ਪਹਿਲਾਂ ਬਰੈਂਪਟਨ ਵਿਚ ਇਨ੍ਹਾਂ ਮੁੰਡਿਆਂ ਦੀ ਕਿਸੇ ਨਾਲ ਲੜਾਈ ਹੋਈ ਸੀ। ਇਹ ਵੀ ਉਸੇ ਤਰ੍ਹਾਂ ਦੀ ਕੋਈ ਲੜਾਈ ਸੀ, ਜਿਹੋ ਜਿਹੀਆਂ ਲੜਾਈਆਂ ਇਸ ਉਮਰ ਦੇ ਮੁੰਡਿਆਂ ਦੀਆਂ ਸਾਰੀ ਦੁਨੀਆਂ ਵਿਚ ਹੁੰਦੀਆਂ ਹੋਣਗੀਆਂ, ਪਰ ਬਰੈਂਪਟਨ ਵਿਚ ਰਹਿੰਦੇ ਵੱਡੀ ਗਿਣਤੀ ਵਿਚ ਪੰਜਾਬੀ ਲੋਕਾਂ ਨੂੰ ਲੱਗਿਆ ਕਿ ਇਸ ਨਾਲ ਸਾਡੇ ਭਾਈਚਾਰੇ ਵਿਚ ਲੜਾਈ-ਭੜਾਈ ਦਾ ਕਲਚਰ ਫੈਲ ਗਿਆ ਹੈ; ਇਸ ਨਾਲ ਕੈਨੇਡਾ ਵਿਚ ਸਾਡੇ ਭਾਈਚਾਰੇ ਦੀ ਬੇਇੱਜ਼ਤੀ ਹੋ ਰਹੀ ਹੈ। ਇਸ ਕਰਕੇ ਕੁੱਝ ਲੋਕ ਐਨੇ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਵਿਚ ਫੈਲ ਰਹੇ ‘ਹਿੰਸਾ ਦੇ ਰੁਝਾਨਾਂ’ ਖਿਲਾਫ਼ ਬਰੈਂਪਟਨ ਸਿਟੀ ਹਾਲ ਦੇ ਬਾਹਰ ਰੈਲੀ ਕੀਤੀ। ਇਸ ਤੋਂ ਬਾਅਦ ਇਕ ਟਾਊਨਹਾਲ ਮੀਟਿੰਗ ਰੱਖੀ ਗਈ। ਇਸ ਵਿਚ ਬੜੀ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਮੈਂ ਵੀ ਇਸ ਟਾਊਨਹਾਲ ਵਿਚ ਸਾਂ ਅਤੇ ਕਈ ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਦੀਆਂ ਵਿਦਿਆਰਥੀਆਂ ਬਾਰੇ ਕੁੱਝ ਆਮ ਸ਼ਿਕਾਇਤਾਂ ਸਨ: “ਇਨ੍ਹਾਂ ਦਾ ਰਹਿਣ ਸਹਿਣ ਬੜਾ ਮਾੜਾ ਹੈ”, “ ਇਹ ਜਿਸ ਸਟਰੀਟ ’ਤੇ ਰਹਿੰਦੇ ਨੇ, ਉੱਥੇ ਟੋਲੀਆਂ ਬਣਾਕੇ ਖੜ੍ਹੇ ਰਹਿੰਦੇ ਨੇ ਤੇ ਲੋਕਾਂ ਵੱਲ ਦੇਖਦੇ ਰਹਿੰਦੇ ਨੇ’, “ ਇਹ ਇਕ ਦੂਜੇ ਦੇ ਮੋਢੇ ’ਤੇ ਹੱਥ ਰੱਖਕੇ ਖੜ੍ਹਦੇ ਨੇ ਅਤੇ ਚੱਪਲਾਂ ਪਾਕੇ ਬਾਹਰ ਘੁੰਮਦੇ ਰਹਿੰਦੇ ਨੇ”, ‘ਜਿਸ ਬੇਸਮੈਂਟ ਵਿਚ ਰਹਿੰਦੇ ਨੇ, ਉਸ ਨੂੰ ਐਨੀ ਗੰਦੀ ਕਰ ਦਿੰਦੇ ਨੇ ਕਿ ਕਿਸੇ ਅਗਲੇ ਕਿਰਾਏਦਾਰ ਨੂੰ ਰੈਨੋਵੇਟ ਕਰਵਾਏ ਬਿਨਾਂ ਕਿਰਾਏ ’ਤੇ ਤੁਸੀਂ ਨਹੀਂ ਦੇ ਸਕਦੇ”, “ਸਟਰੀਟਸ ’ਤੇ ਖੜ੍ਹੇ ਜਨਾਨੀਆਂ ਤੇ ਟਿੱਪਣੀਆਂ ਕਰਦੇ ਰਹਿੰਦੇ ਨੇ’ ਆਦਿ। ਇਸੇ ਟਾਊਨਹਾਲ ਵਿਚ ਬਰੈਂਪਟਨ ਦੇ ਕੁੱਝ ਗ਼ੈਰ-ਪੰਜਾਬੀ ਕੌਂਸਲਰ ਜਾਂ ਸਥਾਨਕ ਸਿਆਸਤਦਾਨ ਆਏ ਸਨ। ਮੇਰਾ ਇਕ ਵਾਕਫ ਅਜਿਹਾ ਸਿਆਸਤਦਾਨ ਹਾਲ ਦੇ ਬਾਹਰ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ। ਉਹ ਮੈਥੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਮੱਸਿਆ ਕੀ ਹੈ,ਜਿਸ ਕਰਕੇ ਤੁਹਾਡੇ ਲੋਕ ਐਨੇ ਪ੍ਰੇਸ਼ਾਨ ਸਨ। ਉਸ ਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ ਕਿ ਜੇ ਮੁੰਡਿਆ ਦੇ ਕਿਸੇ ਗਰੁੱਪ ਵਿਚ ਲੜਾਈ ਹੋ ਗਈ ਹੈ ਤਾਂ ਤੁਹਾਡੇ ਭਾਈਚਾਰੇ ਦੇ ਲੋਕ ਐਨੇ ਪ੍ਰੇਸ਼ਾਨ ਕਿਉਂ ਹਨ। ਉਹ ਪੁਰਤਗਾਲੀ ਪਿਛੋਕੜ ਵਾਲਾ ਸਿਆਸਤਦਾਨ ਸੀ। ਉਸ ਨੂੰ ਲੱਗਦਾ ਸੀ ਕਿ ਕੈਨੇਡਾ ਵਿਚ ਕਿੰਨੀਆਂ ਹੀ ਕਮਿਉਨਿਟੀਜ਼ ਹਨ, ਸਮੇਤ ਕਾਲਿਆਂ ਅਤੇ ਇਟੈਲੀਅਨਜ਼ ਦੇ, ਜਿਨ੍ਹਾਂ ਦੇ ਵੱਡੇ ਵੱਡੇ ਗੈਂਗ ਨੇ ਅਤੇ ਉਨ੍ਹਾਂ ਵਿਚ ਤਾਂ ਗੋਲੀਆਂ ਚੱਲਦੀਆਂ ਹਨ। ਇਹ ਮੁੰਡੇ ਤਾਂ ਫੇਰ ਧੱਕਾ-ਮੁੱਕੀ ਹੀ ਹੋਏ ਸਨ।
ਇਹ ਬੱਚੇ ਪੰਜਾਬ ’ਚੋਂ ਨਵੇਂ ਨਵੇਂ ਗਏ ਹੋਣ ਕਾਰਨ ਇੱਥੋਂ ਦੇ ਰਿਵਾਜ਼ ਮੁਤਾਬਕ ਬਾਥਰੂਮ ਚੱਪਲਾਂ ਪਾਕੇ ਹੀ ਬਾਹਰ ਜਾਂ ਸਟੋਰਾਂ ’ਤੇ ਚਲੇ ਜਾਂਦੇ ਨੇ। ਕੈਨੇਡਾ ਵਿਚ ਲੋਕ ਇਸ ਤਰ੍ਹਾਂ ਨਹੀਂ ਜਾਂਦੇ, ਇਸ ਕਰਕੇ ਇਹ ਵੱਖਰੇ ਲੱਗਦੇ ਹਨ। ਕਈਆਂ ਨੇ ਸੋਸ਼ਲ ਮੀਡੀਆ ’ਤੇ ਇਸ ਕਰਕੇ ਇਨ੍ਹਾਂ ਦਾ ਨਾਂ ‘ਚੱਪਲ ਗੈਂਗ’ ਰੱਖਿਆ ਹੋਇਆ ਹੈ। ਕਈਆਂ ਦੇ ਮਨਾਂ ਵਿਚ ਵਿਦਿਆਰਥੀਆਂ ਨੂੰ ਲੈ ਕੇ ਅਜਿਹੀ ਸੂਈ ਅੜੀ ਹੋਈ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਨਿੱਕੀ ਨਿੱਕੀ ਗੱਲ ਵੀ ਚੁਭਦੀ ਹੈ। ਪਿਛਲੇ ਦਿਨਾਂ ਦੌਰਾਨ ਦੋ ਤਿੰਨ ਘਟਨਾਵਾਂ ਹੋਈਆਂ। ਬਰੈਂਪਟਨ ਦੇ ਸ਼ੈਰੀਡਨ ਕਾਲਜ ਦੇ ਬਾਹਰ ਇਕ ਪਲਾਜ਼ਾ ਹੈ, ਜਿਸ ਨੂੰ ਸ਼ੈਰੀਡਨ ਪਲਾਜ਼ਾ ਕਿਹਾ ਜਾਂਦਾ ਹੈ। ਉੱਥੇ ਕੁੱਝ ਲੜਕੇ ਖੜ੍ਹੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ’ਚੋਂ ਨਵੇਂ ਨਵੇਂ ਗਏ ਕਈ ਲੜਕੇ ਅਜਿਹੀਆਂ ਹਰਕਤਾਂ ਕਰਦੇ ਹਨ, ਜਿਹੜੀਆਂ ਇੱਥੋਂ ਦੇ ਲੋਕਾਂ ਨੂੰ ਓਪਰੀਆਂ ਲੱਗਦੀਆਂ ਹਨ। ਪਰ ਅਜਿਹੀਆਂ ਓਪਰੀਆਂ ਆਦਤਾਂ ਸਿਰਫ਼ ਵਿਦਿਆਰਥੀਆਂ ਵਿਚ ਹੀ ਨਹੀਂ, ਸਭ ਵਿਚ ਹੋਣਗੀਆਂ। ਇਨ੍ਹਾਂ ਮੁੰਡਿਆਂ ਨੂੰ ਪੁਲੀਸ ਦੁਆਰਾ ਟਿਕਟਾਂ ਦਿੱਤੀਆਂ ਗਈਆਂ ਤੇ ਸੋਸ਼ਲ ਮੀਡੀਆ ’ਤੇ ਇਨ੍ਹਾਂ ਦੀ ਖ਼ੂਬ ਚਰਚਾ ਹੋਈ ਕਿ ਇਹ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਇਤਫਾਕਨ ਜਿਸ ਦਿਨ ਇਨ੍ਹਾਂ ਲੜਕਿਆਂ ਦੀ ਗੱਲ ਹੋ ਰਹੀ ਸੀ, ਉਸੇ ਦਿਨ ਟੋਰਾਂਟੋ ਡਾਊਨਟਾਊਨ ਦੇ ਇਕ ਪਾਰਕ ਦਾ ਵੀਡੀਓ ਇੱਥੋਂ ਦੇ ਮੀਡੀਆ ਵਿਚ ਚੱਲ ਰਿਹਾ ਸੀ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਾਰਕ ਵਿਚ ਜਮ੍ਹਾਂ ਹੋਏ ਸਨ। ਉਹ ਸਾਰੇ ਕੈਨੇਡਾ ਦੀ ਮੁੱਖ ਧਾਰਾ ਸਮਝੇ ਜਾਂਦੇ ਗੋਰੇ ਲੋਕ ਸਨ। ਪਰ ਉਹ ਸਾਡੇ ਲੋਕਾਂ ਨੂੰ ਨਹੀਂ ਦਿਸੇ। ਕਹਿਣ ਦਾ ਮਤਲਬ ਹੈ ਕਿ ਸਾਡੇ ਕੁੱਝ ਲੋਕਾਂ ਦੀ ਕੁੱਝ ਅਜਿਹੀ ਮਾਨਸਿਕਤਾ ਬਣ ਗਈ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਹਰ ਗੱਲ ਹੀ ਅਜੀਬ ਲੱਗਦੀ ਹੈ ਜਾਂ ਚੁਭਦੀ ਹੈ।
ਹੁਣ ਕੁੱਝ ਦਿਨ ਤੋਂ ਇਕ ਲੜਕੇ ਦਾ ਵੀਡੀਓ ਚੱਲ ਰਿਹਾ ਹੈ, ਜੋ ਉਸ ਨੇ ਸੋਸ਼ਲ ਮੀਡੀਆ ’ਤੇ ਪਾਇਆ। ਉਹ ਕਿਸੇ ਕਾਰ ਵਿਚ ਬੈਠਾ ਹੈ ਅਤੇ ਹੱਥ ਵਿਚ ਫੜਿਆ ਪਿਸਤੌਲ ਬਾਹਰ ਕੱਢਕੇ ਦਿਖਾ ਰਿਹਾ ਹੈ। ਇਸ ਨੂੰ ਲੈ ਕੇ ਬੜੀ ਗੱਲਬਾਤ ਹੋ ਰਹੀ ਹੈ ਕਿ ਇਹ ਮੁੰਡੇ ਅਜਿਹੀਆਂ ਹਰਕਤਾਂ ਕਰਕੇ ਸਾਡਾ ਕਲਚਰ ਖ਼ਰਾਬ ਕਰ ਰਹੇ ਹਨ। ਉਹ ਤਾਂ ਇਸ ਤਰ੍ਹਾਂ ਟਿੱਪਣੀ ਕਰ ਰਹੇ ਹਨ, ਜਿਵੇਂ ਪੰਜਾਬ ਦੇ ਕਿਸੇ ਮੁੰਡੇ ਨੂੰ ਹਥਿਆਰ ਨਾਲ ਉਨ੍ਹਾਂ ਨੇ ਪਹਿਲੀ ਵਾਰ ਦੇਖਿਆ ਹੋਵੇ।
ਸੁਆਲ ਹੈ ਕਿ ਸਾਡੇ ਲੋਕ ਇਸ ਤਰ੍ਹਾਂ ਕਿਉਂ ਕਰਦੇ ਹਨ? ਨਵੇਂ ਆਏ ਵਿਦਿਆਰਥੀਆਂ ਨੂੰ ਲੈ ਕੇ ਉਨ੍ਹਾਂ ਦੀ ਸੂਈ ਇਸ ਤਰ੍ਹਾਂ ਕਿਉਂ ਅੜੀ ਹੋਈ ਹੈ?
ਇਸ ਦਾ ਜਵਾਬ ਮੇਰੇ ਇਕ ਮੀਡੀਆ ਸਹਿਕਰਮੀ ਨੇ ਦਿੱਤਾ, ਜਿਹੜਾ ਕੈਨੇਡਾ ਦਾ ਹੀ ਜੰਮਪਲ ਹੈ ਅਤੇ ਜਿਸ ਦਾ ਪਰਿਵਾਰ ਸੱਤਰਵਿਆਂ ਤੋਂ ਇੱਥੇ ਰਹਿ ਰਿਹਾ ਹੈ।
ਉਸ ਨੇ ਦੱਸਿਆ ਕਿ ਅੱਸੀਵਿਆਂ ਵਿਚ, ਜਦੋਂ ਉਹ ਕਾਫ਼ੀ ਛੋਟਾ ਸੀ ਤਾਂ ਉਨ੍ਹਾਂ ਦਿਨਾਂ ਵਿਚ ਪੰਜਾਬ ’ਚੋਂ ਵੱਡੀ ਗਿਣਤੀ ਵਿਚ ਰਿਫਿਊਜੀ ਲੋਕ ਆਉਣ ਲੱਗੇ ਸਨ। ਇਹ ਨਵੇਂ ਆਏ ਲੋਕ ਪਹਿਲਾਂ ਆਏ ਲੋਕਾਂ ਨਾਲੋਂ ਕੁਦਰਤੀ ਹੈ ਕਿ ਵੱਖਰੇ ਸਨ। ਇਨ੍ਹਾਂ ਨੇ ਅਜੇ ਕੈਨੇਡੀਅਨ ਰਹਿਣ ਸਹਿਣ ਨਹੀਂ ਸੀ ਸਿੱਖਿਆ। ਇਸ ਕਰਕੇ ਉਸਨੇ ਦੱਸਿਆ ਕਿ ਉਸਦੇ ਮੰਮੀ-ਪਾਪਾ ਵਾਲੀ ਪੀੜ੍ਹੀ ਦੇ ਲੋਕ ਉਨ੍ਹਾਂ ਨਵੇਂ ਆਏ ਪੰਜਾਬੀਆ ਤੋਂ ਬਹੁਤ ਪ੍ਰੇਸ਼ਾਨ ਹੁੰਦੇ ਸਨ। ਕਹਿੰਦੇ ਸਨ ਕਿ ਇਹ ਨਵੇਂ ਆਏ ਲੋਕ ਸਾਡਾ ਕਲਚਰ ਖ਼ਰਾਬ ਕਰ ਰਹੇ ਹਨ। ਇਹ ਬਹੁਤ ਗੰਦੇ ਹਨ। ਇਨ੍ਹਾਂ ਨੇ ਪੰਜਾਬੀਆਂ ਦਾ ਅਕਸ ਖ਼ਰਾਬ ਕਰ ਦੇਣਾ ਹੈ।
ਹੌਲੀ ਹੌਲੀ ਇਹ ਅੱਸੀਵਿਆਂ ਵਾਲਾ ਗਰੁੱਪ ਵੀ ਸੈਟਲ ਹੋ ਗਿਆ। ਕੈਨੇਡੀਅਨ ਇਮੀਗਰੇਸ਼ਨ ਦੇ ਕਨੂੰਨ ਵੀ ਬਦਲਦੇ ਰਹੇ ਅਤੇ ਨੱਬੇਵਿਆਂ ਵਿਚ ਪੁਆਇੰਟ ਸਿਸਟਮ ’ਤੇ ਆਧਾਰਿਤ ਪਰਮਾਨੈਂਟ ਰੈਜ਼ੀਡੈਂਸੀ ਦਾ ਰੁਝਾਨ ਸ਼ੁਰੂ ਹੋਇਆ, ਜਿਹੜਾ ਤਕਰੀਬਨ 2010 ਤਕ ਕਾਫ਼ੀ ਜ਼ੋਰ ਨਾਲ ਚੱਲਦਾ ਰਿਹਾ। ਅਸੀਂ ਵੀ ਇਸੇ ਗਰੁੱਪ ਵਿਚ ਆਏ ਸਾਂ। 2008-09 ਵਿਚ ਜਦੋਂ ਅਸੀਂ ਇੱਥੇ ਆਏ ਤਾਂ ਉਨ੍ਹਾਂ ਦਿਨਾਂ ਵਿਚ ਪੁਰਾਣੇ ਲੋਕ ਨਵੇਂ ਆਏ ਪੀਆਰ ਪਰਿਵਾਰਾਂ ਨੂੰ ਇਕ ਖ਼ਾਸ ਨਿਗ੍ਹਾ ਨਾਲ ਦੇਖਦੇ ਸਨ। ਮੈਨੂੰ ਯਾਦ ਹੈ ਕਿ ਉਨ੍ਹਾਂ ਦਿਨਾਂ ਦੌਰਾਨ ਅਕਸਰ ਕੋਈ ਬਜ਼ੁਰਗ ਜਾਂ ਹੋਰ ਬੰਦਾ ਸਾਨੂੰ ਪੁੱਛਦਾ ਹੁੰਦਾ ਸੀ ਕਿ ਤੁਸੀਂ ‘ਨੰਬਰਾਂ ਆਲੇ’ ਹੋ। ਉਹ ਪੁਆਇੰਟ ਸਿਸਟਮ ’ਤੇ ਆਇਆਂ ਨੂੰ ‘ਨੰਬਰਾਂ ਆਲੇ’ ਕਹਿੰਦੇ ਸਨ। ਪੁਰਾਣੇ ਲੋਕ ਨਵੇਂ ਆਏ ਪੀਆਰ ਵਾਲਿਆਂ ਬਾਰੇ ਵੀ ਗੱਲਾਂ ਕਰਦੇ ਸਨ। ਪੀਆਰ ਵਾਲਾ ਗਰੁੱਪ ਕਿਉਂਕਿ ਪਹਿਲਾਂ ਆਏ ਗਰੁੱਪਾਂ ਦੇ ਮੁਕਾਬਲੇ ਪੜ੍ਹਿਆ ਲਿਖਿਆ ਸੀ, ਇਸ ਕਰਕੇ ਪੜ੍ਹਿਆਂ ਲਿਖਿਆਂ ਨੂੰ ਜਦੋਂ ਫੈਕਟਰੀ ਵਿਚ ਜਾ ਕੇ ਲੇਬਰ ਵਾਲੇ ਕੰਮ ਕਰਨ ਪੈਂਦੇ ਤਾਂ ਪਹਿਲਾਂ ਵਾਲੇ ਪੰਜਾਬੀ ਉਨ੍ਹਾਂ ਨੂੰ ਮਜ਼ਾਕ ਕਰਦੇ ਸਨ। ਸ਼ਾਇਦ ਇਹ ਸੋਚਦੇ ਹੋਣਗੇ ਕਿ ਪੜ੍ਹੇ ਲਿਖੇ ਵੀ ਸਾਡੇ ਵਾਲੇ ਕੰਮ ਹੀ ਕਰ ਰਹੇ ਹਨ।
ਹੌਲੀ ਹੌਲੀ ਇਹ ਪੀਆਰ ਵਾਲੇ ਵੀ ਇਸ ਸਮਾਜ ਦਾ ਹਿੱਸਾ ਬਣ ਗਏ ਅਤੇ 2010 ਤੋਂ ਬਾਅਦ ਸਟੂਡੈਂਟਸ ਦਾ ਰੁਝਾਨ ਵਧਣ ਲੱਗਾ। ਇਹ ਰੁਝਾਨ ਐਨਾ ਵਧ ਗਿਆ ਕਿ ਪੀਆਰ ਵਾਲਾ ਸਿਸਟਮ ਖ਼ਤਮ ਹੋ ਗਿਆ ਅਤੇ ਹਰ ਪਾਸੇ ਵਿਦਿਆਰਥੀ ਹੀ ਦਿਸਣ ਲੱਗੇ। ਰੈਸਟੋਰੈਂਟਸ, ਫੈਕਟਰੀਆਂ, ਸਟੋਰਾਂ, ਸਕਿਉਰਿਟੀ ਦੀਆਂ ਸਭ ਨੌਕਰੀਆਂ ’ਤੇ ਇਹ ਵਿਦਿਆਰਥੀ ਹੀ ਦਿਸਦੇ। ਪਹਿਲਾਂ ਪਹਿਲਾਂ ਲੋਕ ਵਿਦਿਆਰਥੀਆਂ ਦੀ ਬੜੀ ਮਦਦ ਕਰਦੇ ਸਨ। ਪਰ ਜਦੋਂ ਗਿਣਤੀ ਵਧ ਗਈ ਅਤੇ ਕੁੱਝ ਗੜਬੜਾਂ ਵੀ ਹੋਣ ਲੱਗੀਆਂ ਤਾਂ ਇਹ ਫੇਰ ਲੋਕਾਂ ਦੀ ਨਿਗ੍ਹਾ ਚੜ੍ਹ ਗਏ ਅਤੇ ਅਜੇ ਤਕ ਇਹ ਇੱਥੇ ਵਸਦੇ ਪੁਰਾਣੇ ਲੋਕਾਂ ਦੀਆਂ ਗੱਲਾਂ ਦਾ ਪਸੰਦੀਦਾ ਵਿਸ਼ਾ ਹਨ। ਕੁੱਝ ਸਾਲਾਂ ਵਿਚ ਇਹ ਵਿਦਿਆਰਥੀ ਵੀ ਸੈਟਲ ਹੋ ਜਾਣਗੇ ਅਤੇ ਸ਼ਾਇਦ ਫੇਰ ਕੋਈ ਹੋਰ ਨਵਾਂ ਗਰੁੱਪ ਜਾਂ ਨਵੇਂ ਆਉਣ ਵਾਲੇ ਵਿਦਿਆਰਥੀ ਇਨ੍ਹਾਂ ਹੀ ਵਿਦਿਆਰਥੀਆਂ ਦਾ ਨਿਸ਼ਾਨਾ ਬਣ ਜਾਣ। ਸ਼ਾਇਦ ਇਹੀ ਵਿਦਿਆਰਥੀ ਬਾਅਦ ਵਿਚ ਕਿਹਾ ਕਰਨ ਕਿ ਜਦੋਂ ਅਸੀਂ ਆਏ ਤਾਂ ਗੱਲ ਹੋਰ ਸੀ। ਜੋ ਅੱਜਕੱਲ੍ਹ ਆ ਰਹੇ ਹਨ, ਉਨ੍ਹਾਂ ਦੀਆਂ ਆਦਤਾਂ ਬਹੁਤ ਖ਼ਰਾਬ ਹਨ।
ਇਹ ਜੋ ਅਲੱਗ ਅਲੱਗ ਇਮੀਗਰੰਟ ਪੀੜ੍ਹੀਆਂ ਦਾ ਟਕਰਾਅ ਹੈ, ਇਸ ਦੀ ਕੁੱਝ ਲੋਕਾਂ ਨੇ ਮਨੋਵਿਗਿਆਨਕ ਵਿਆਖਿਆ ਵੀ ਕੀਤੀ ਹੈ। ਇਹ ਨਹੀਂ ਕਿ ਇਹ ਸਿਰਫ਼ ਪੰਜਾਬੀਆਂ ਵਿਚ ਹੀ ਹੁੰਦਾ ਹੈ। ਅਮਰੀਕਾ ਵਿਚ ਵੀ ਅਲੱਗ ਅਲੱਗ ਇਮੀਗਰੰਟਸ ਕਮਿਉਨਿਟੀਜ਼ ਵਿਚ ਇਸ ਤਰ੍ਹਾਂ ਦੇ ਰੁਝਾਨ ਰਹੇ ਹਨ। ਇਮੀਗਰੰਟ ਕਮਿਉਨਿਟੀਜ਼ ਦੀ ਸਟੱਡੀ ਕਰਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪਹਿਲਾਂ ਆਕੇ ਸੈਟਲ ਹੋਏ ਇਮੀਗਰੰਟ ਮਾਨਸਿਕ ਪੱਧਰ ’ਤੇ ਕਿਤੇ ਇਹ ਨਹੀਂ ਚਾਹੁੰਦੇ ਕਿ ਹੋਰ ਲੋਕ ਵੀ ਇਨ੍ਹਾਂ ਮੁਲਕਾਂ ਵਿਚ ਆਉਣ। ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਮੁਲਕਾਂ ਵਿਚ ਸੈਟਲ ਹੋਣ ਦਾ ਜੋ ‘ਸਪੈਸ਼ਲ ਮਾਣ ਜਾਂ ਮੌਕਾ’ ਉਨ੍ਹਾਂ ਨੂੰ ਮਿਲਿਆ ਹੈ, ਉਹ ਜੇ ਹਰ ਕਿਸੇ ਨੂੰ ਮਿਲਣ ਲੱਗ ਗਿਆ ਤਾਂ ਉਨ੍ਹਾਂ ਦੀ ਪ੍ਰਾਪਤੀ ਖ਼ਾਸ ਨਹੀਂ ਰਹਿਣੀ। ਇਕ ਮਾਨਸਿਕ ਪਹਿਲੂ ਇਹ ਵੀ ਹੈ ਕਿ ਕੁੱਝ ਸਾਲ ਇਨ੍ਹਾਂ ਮੁਲਕਾਂ ਵਿਚ ਬਿਤਾਉਣ ਤੋਂ ਬਾਅਦ ਇਮੀਗਰੰਟਸ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਮੁਲਕਾਂ ਦਾ ਕਲਚਰ ਸਿੱਖ ਲਿਆ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਲੋਕਾਂ ਵਿਚ ਆਪਣੀ ਥਾਂ ਬਣਾ ਲਈ ਹੈ। ਆਪਣੀ ਇਸ ਭ੍ਰਾਂਤੀ ਕਾਰਨ ਉਹ ਇਹ ਵੀ ਸੋਚਦੇ ਨੇ ਕਿ ਨਵੇਂ ਆਏ ਲੋਕ ਜਿਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ, ਉਸ ਨਾਲ ਉਨ੍ਹਾਂ ਦੀ ਕਮਿਉਨਿਟੀ ਦਾ ਅਕਸ ਖ਼ਰਾਬ ਹੁੰਦਾ ਹੈ।
ਹਰ ਇਮੀਗਰੰਟ ਪੀੜ੍ਹੀ ਇਸ ਤਰ੍ਹਾਂ ਦੀਆਂ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਰਹਿੰਦੀ ਹੈ ਅਤੇ ਵਿਦਿਆਰਥੀ ਬਾਰੇ ਸੁਣਦੀਆਂ ਗੱਲਾਂ ਅਸਲ ਵਿਚ ਇਸ ਪਹਿਲਾਂ ਤੋਂ ਚਲੇ ਆ ਰਹੇ ਇਮੀਗਰੰਟ ਪੀੜ੍ਹੀਆਂ ਦੇ ਪਾੜੇ ਦੀ ਨਵੀਂ ਕਿਸ਼ਤ ਹੈ।