ਪਰਵਾਸ ਇੱਕ ਅਕਥ ਕਥਾ ਹੈ। ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ, ਸਿਰੜ ਤੇ ਗਿਆਨ ਨਾਲ ਤਰੱਕੀ ਦੇ ਨਵੇਂ ਦਿਸਹੱਦੇ ਛੂਹੇ ਹਨ। ਉਨ੍ਹਾਂ ਨੇ ਪੰਜਾਬੀ ਵਿੱਚ ਸਾਹਿਤ ਰਚਨਾ ਵੀ ਕੀਤੀ ਹੈ। ਇਸ ਕਾਲਮ ਵਿੱਚ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੇਖਕਾਂ ਦੇ ਆਪਣੀ ਰਚਨਾ ਦੇ ਪ੍ਰੇਰਨਾ ਸਰੋਤਾਂ ਨੂੰ ਪਾਠਕਾਂ ਨਾਲ ਸਾਂਝਾ ਕਰਨ ਦਾ ਸੱਦਾ ਦਿੰਦੇ ਹਾਂ। ਇਸ ਦੀ ਸ਼ੁਰੂਆਤ ਅਮਰੀਕਾ ਰਹਿੰਦੇ ਲੇਖਕ ਅਮਨਦੀਪ ਸਿੰਘ ਤੋਂ ਕਰ ਰਹੇ ਹਾਂ।
ਅਮਨਦੀਪ ਸਿੰਘ
ਮੈਂ ਅਕਸਰ ਆਪਣੀ ਲੇਖਣੀ ਵਿੱਚ ਤਾਰਿਆਂ ਦੀਆਂ ਬਾਤਾਂ ਪਾਉਂਦਾ ਹਾਂ। ਦੂਜੇ ਸ਼ਬਦਾਂ ਵਿੱਚ ਮੈਂ ਪੰਜਾਬੀ ਵਿੱਚ ਵਿਗਿਆਨ ਗਲਪ ਕਹਾਣੀਆਂ (ਸਾਇੰਸ ਫਿਕਸ਼ਨ) ਤੇ ਵਾਰਤਕ ਲਿਖਦਾ ਹਾਂ। ਰੋਜ਼ ਰਾਤ ਨੂੰ ਜਦੋਂ ਅਸੀਂ ਆਕਾਸ਼ ਵੱਲ ਨਜ਼ਰ ਫੇਰਦੇ ਹਾਂ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਟਿਮ ਟਿਮ ਚਮਕਦੇ ਤਾਰੇ ਬੜੀ ਨੀਝ ਨਾਲ ਵੇਖਦੇ ਹਾਂ। ਸਿਤਾਰਿਆਂ ਦੀ ਕਹਿਕਸ਼ਾਂ ਨੂੰ ਦੇਖ ਕੇ ਅਸੀਂ ਅਨੰਦਿਤ ਵੀ ਹੁੰਦੇ ਹਾਂ ਤੇ ਹੈਰਾਨ ਵੀ! ਦਰਅਸਲ, ਜਦੋਂ ਅਸੀਂ ਤਾਰਿਆਂ ਨੂੰ ਵੇਖਦੇ ਹਾਂ ਤਾਂ ਅਸੀਂ ਅਤੀਤ ਵੱਲ ਵੇਖਦੇ ਹਾਂ ਜੋ ਲੱਖਾਂ ਕਰੋੜਾਂ ਸਾਲ ਪਹਿਲਾਂ ਵਾਪਰਿਆ ਹੁੰਦਾ ਹੈ। ਇਹ ਵਰਤਾਰਾ ਬਹੁਤ ਬਿਸਮ ਭਰਿਆ ਤੇ ਹੈਰਾਨ ਕਰ ਦੇਣ ਵਾਲਾ ਹੈ। ਉਦੋਂ ਅਸੀਂ ਸੋਚਣ ਲੱਗਦੇ ਹਾਂ ਕਿ ਅਸੀਂ ਕੌਣ ਹਾਂ ਤੇ ਕਿੱਥੋਂ ਆਏ ਹਾਂ? ਕੀ ਕਿਤੇ ਹੋਰ ਵੀ ਜੀਵਨ ਦੀ ਹੋਂਦ ਹੈ? ਜੇ ਹੈ ਤਾਂ ਕਿਹੋ ਜਿਹਾ? ਕੀ ਉਹ ਜੀਵ ਵੀ ਕਾਰਬਨ ਦੇ ਬਣੇ ਹੋਣਗੇ? ਆਕਸੀਜਨ ਵਿੱਚ ਸਾਹ ਲੈਂਦੇ ਹੋਣਗੇ। ਬ੍ਰਹਿਮੰਡ ਵਿੱਚ ਜੀਵਨ ਇੰਨਾ ਦੁਰਲੱਭ ਕਿਉਂ ਹੈ? ਸਾਡਾ ਇਸ ਧਰਤੀ ’ਤੇ ਕੀ ਮੰਤਵ ਹੈ? ਅਰਬਾਂ-ਖਰਬਾਂ ਸਿਤਾਰਿਆਂ ਦੇ ਵਿਚਕਾਰ ਕਿੰਨੇ ਗ੍ਰਹਿ ਹੋਣਗੇ ਜਿੱਥੇ ਜੀਵਨ ਪਣਪ ਸਕਦਾ ਹੈ? ਕੀ ਅਸੀਂ ਕਦੇ ਸਿਤਾਰਿਆਂ ਤੱਕ ਪੁੱਜ ਸਕਦੇ ਹਾਂ? ਬ੍ਰਹਿਮੰਡ ਕਿੰਨਾ ਅਸੀਮ ਹੈ, ਅਸੀਂ ਉਸ ਦਾ ਅੰਤ ਨਹੀਂ ਪਾ ਸਕਦੇ।
ਇਹੋ ਜਿਹੇ ਸਵਾਲਾਂ ਦੇ ਜਵਾਬ ਲੱਭਦਿਆਂ ਮੈਂ ਵਿਗਿਆਨ ਨਾਲ ਸਬੰਧਿਤ ਕਹਾਣੀਆਂ ਪੜ੍ਹਨ ਤੇ ਲਿਖਣ ਲੱਗਿਆ। ਮੇਰੀਆਂ ਕਹਾਣੀਆਂ ਵਿਗਿਆਨਕ ਯੁੱਗ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਵਰਣਨ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ, ਤਾਂ ਜੋ ਪੰਜਾਬੀ ਪਾਠਕ ਵਿਗਿਆਨ ਦੇ ਚਾਨਣ, ਹਨੇਰਾਪਣ ਤੇ ਉਸ ਤੋਂ ਹੋਣ ਵਾਲੀਆਂ ਖੋਜਾਂ, ਸਹੂਲਤਾਂ ਤੇ ਸਮੱਸਿਆਵਾਂ ਵਾਰੇ ਜਾਣਕਾਰੀ ਪ੍ਰਾਪਤ ਕਰ ਸਕਣ ਤੇ ਉਨ੍ਹਾਂ ਦੇ ਮਨ ਵਿੱਚ ਵਿਗਿਆਨ ਨੂੰ ਸਮਝਣ ਦੀ ਉਤਸੁਕਤਾ ਪਣਪ ਸਕੇ। ਵਿਗਿਆਨ ਗਲਪ ਕਥਾ-ਕਹਾਣੀਆਂ ਮਨੁੱਖ ਦੀ ਸਿਤਾਰਿਆਂ ਤੋਂ ਪਾਰ ਪਰਵਾਜ਼, ਪਰਮਾਣੂ ਸ਼ਕਤੀ ਦੇ ਭਿਆਨਕ ਨਤੀਜੇ, ਰੋਬੋਟਾਂ ਦੀ ਦੁਨੀਆ, ਕਾਲ-ਯਾਤਰਾ ਵਰਗੇ ਵਿਸ਼ਿਆਂ ਨੂੰ ਬਿਆਨ ਕਰਦੀਆਂ ਹੋਈਆਂ ਮਨੁੱਖ ਦੀਆਂ ਸੰਵੇਦਨਾਵਾਂ ਤੇ ਪਿਆਰ ਨੂੰ ਵੀ ਦਰਸਾਉਂਦੀਆਂ ਹਨ।
ਅੱਸੀ ਦੇ ਦਹਾਕੇ ਸਮੇਂ ਦੂਰਦਰਸ਼ਨ ਦੇ ਉੱਤੇ ਹਰ ਐਤਵਾਰ ਨੂੰ ਸਵੇਰ ਦੇ ਵੇਲੇ ਅੰਗਰੇਜ਼ੀ ਦਾ ਮਸ਼ਹੂਰ ਸੀਰੀਅਲ ‘ਸਟਾਰ ਟ੍ਰੈਕ’ ਤੇ ਮਸ਼ਹੂਰ ਤਾਰਾ ਵਿਗਿਆਨੀ ਤੇ ਮੇਰੇ ਮਨਪਸੰਦ ਲੇਖਕ ਕਾਰਲ ਸੈਗਨ ਦਾ ਬ੍ਰਹਿਮੰਡ ਬਾਰੇ ਜਾਣਕਾਰੀ ਭਰਪੂਰ ਪ੍ਰੋਗਰਾਮ ‘ਕੌਸਮੌਸ’ ਆਉਂਦਾ ਸੀ। ਜੋ ਮੈਂ ਬਹੁਤ ਦਿਲਚਸਪੀ ਨਾਲ ਦੇਖਦਾ ਸੀ। ਹਾਲਾਂਕਿ ਅੰਗਰੇਜ਼ੀ ਵਿੱਚ ਹੋਣ ਕਰਕੇ ਉਹ ਇੰਨਾ ਸਮਝ ਨਹੀਂ ਲੱਗਦਾ ਸੀ, ਪਰ ਫੇਰ ਵੀ ਮੈਨੂੰ ਉਹ ਬਹੁਤ ਪ੍ਰਭਾਵਿਤ ਕਰਦੇ ਸਨ ਤੇ ਮਨ ’ਤੇ ਡੂੰਘੀ ਛਾਪ ਛੱਡਦੇ ਸਨ। ਇਸ ਤਰ੍ਹਾਂ ਮੇਰੀ ਵਿਗਿਆਨ ਤੇ ਸਾਇੰਸ ਫਿਕਸ਼ਨ ਵਿੱਚ ਰੁਚੀ ਪੈਦਾ ਹੋਈ। ਮੈਂ ਸਾਇੰਸ ਫਿਕਸ਼ਨ ਪਹਿਲੀ ਵਾਰ ਹਿੰਦੀ ਵਿੱਚ ‘ਪਰਾਗ’ ਮੈਗਜ਼ੀਨ ਵਿੱਚ ਪੜ੍ਹਿਆ। ਜੌਰਜ ਔਰਵੈੱਲ ਦੇ ‘1984’ ਨਾਵਲ ਤੋਂ ਪ੍ਰੇਰਿਤ ਕਹਾਣੀਆਂ ਪੜ੍ਹੀਆਂ। ਹਿੰਦੀ ਲੇਖਕਾਂ ਜਿਵੇਂ ਕਿ ਜਯੰਤ ਨਰਲੀਕਰ ਦੀਆਂ ਕਹਾਣੀਆਂ ਪੜ੍ਹੀਆਂ। ਬਹੁਤ ਸਾਰੇ ਹਿੰਦੀ ਕਾਮਿਕਸ ਵੀ ਪੜ੍ਹੇ, ਜਿਵੇਂ ਕਿ ਡਾਇਮੰਡ ਕਾਮਿਕਸ ਦੇ ਫੌਲਾਦੀ ਸਿੰਘ ਤੇ ਡਾ. ਜੌਹਨ ਆਦਿ। ਅੰਗਰੇਜ਼ੀ ਪਾਠ-ਪੁਸਤਕ ਵਿੱਚ ਵਿਸ਼ਵ ਪ੍ਰਸਿੱਧ ਸਾਇੰਸ ਫਿਕਸ਼ਨ ਲੇਖਕ ਐੱਚ. ਜੀ. ਵੈੱਲਜ਼ ਦੀਆਂ ਕਹਾਣੀਆਂ ਪੜ੍ਹੀਆਂ। ਜਿਨ੍ਹਾਂ ਨੂੰ ਪੜ੍ਹ ਕੇ ਮਨ ਵਿੱਚ ਵਿਗਿਆਨਕ ਸੋਚ ’ਤੇ ਤਰਕ ਵਿਕਸਿਤ ਹੋਏ।…ਤੇ ਇਹ ਖ਼ਿਆਲ ਵੀ ਆਇਆ ਕਿ ਪੰਜਾਬੀ ਵਿੱਚ ਅਜੇ ਤੱਕ ਇਹੋ ਜਿਹੀਆਂ ਕਹਾਣੀਆਂ ਕਿਉਂ ਨਹੀਂ ਛਪੀਆਂ? ਇਸ ਤਰ੍ਹਾਂ ਇੱਕ ਦਿਨ ਸਹਿਜ-ਸੁਭਾਅ ਹੀ ਮੈਂ ਆਪਣੀ ਪਹਿਲੀ ਕਹਾਣੀ ‘ਨੀਪ ਟਾਈਡ’ ਲਿਖੀ ਜੋ ਕਿ ਬ੍ਰਹਿਮੰਡ ਦੇ ਇੱਕ ਗ੍ਰਹਿ ’ਤੇ ਰੋਬੋਟਾਂ ਦੀ ਬਗ਼ਾਵਤ ਤੇ ਉਸ ਤੋਂ ਹੋਣ ਵਾਲੀ ਭਿਆਨਕ ਤਬਾਹੀ ਨੂੰ ਦਰਸਾਉਂਦੀ ਹੈ। ਅਜੀਬ ਇਤਫ਼ਾਕ ਹੈ ਕਿ ਅੱਜ ਜਦੋਂ ਮੈਂ ਇਹ ਲੇਖ ਲਿਖ ਰਿਹਾ ਹਾਂ, ਪੂਰੇ ਸੰਸਾਰ ਵਿੱਚ ‘ਚੈਟ ਜੀ.ਪੀ.ਟੀ.’ ਯਾਨੀ ਮਸਨੂਈ ਬੁੱਧੀ (Artificial Intelligence) ਵਰਗੀਆਂ ਤਕਨੀਕਾਂ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਅਯਾਮਾਂ ਤੋਂ ਭਵਿੱਖ ਵਿੱਚ ਹੋਣ ਵਾਲੇ ਸੰਭਾਵੀ ਖ਼ਤਰਿਆਂ ਵਾਰੇ ਚਿੰਤਾ ਹੋ ਰਹੀ ਹੈ। ਇਹੋ ਜਿਹੀਆਂ ਤਕਨੀਕਾਂ ਜੇ ਮਨੁੱਖ ਦੇ ਹੱਥੋਂ-ਬਾਹਰ ਹੋ ਗਈਆਂ ਤਾਂ ਪਲਾਂ ਵਿੱਚ ਤਬਾਹੀ ਮਚਾ ਸਕਦੀਆਂ ਹਨ ਤੇ ਜਾਨ-ਮਾਲ ਦਾ ਪਰਮਾਣੂ ਬੰਬ ਵਰਗਾ ਨੁਕਸਾਨ ਕਰ ਸਕਦੀਆਂ ਹਨ।
ਉਸ ਸਮੇਂ, ਮੇਰੀਆਂ ਵਿਗਿਆਨ ਨਾਲ ਸਬੰਧਿਤ ਬਹੁਤ ਸਾਰੀਆਂ ਕਹਾਣੀਆਂ ਉਸ ਵੇਲੇ ਦੇ ਮਸ਼ਹੂਰ ਪੰਜਾਬੀ ਮੈਗਜ਼ੀਨ ‘ਜਾਗ੍ਰਤੀ’ ਵਿੱਚ ਛਪੀਆਂ ਜਿਨ੍ਹਾਂ ਨੂੰ ਪਾਠਕਾਂ ਨੇ ਕਾਫ਼ੀ ਪਸੰਦ ਕੀਤਾ। ਮੇਰੀ ਕਹਾਣੀਆਂ ਦੀ ਕਿਤਾਬ ‘ਟੁੱਟਦੇ ਤਾਰਿਆਂ ਦੀ ਦਾਸਤਾਨ’ ਜੋ ਪੰਜਾਬੀ ਵਿੱਚ ਪਹਿਲੀ ਵਿਗਿਆਨ ਗਲਪ ਕਹਾਣੀਆਂ ਦੀ ਕਿਤਾਬ ਹੈ, 1989 ਵਿੱਚ ਲੋਕ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਹੋਈ। ਜਿਸ ਨੂੰ ਛਾਪਣ ਵਿੱਚ ‘ਜਾਗ੍ਰਤੀ’ ਦੇ ਸੰਪਾਦਕ ਬਲਜੀਤ ਸਿੰਘ ਬੱਲੀ ਤੇ ਮੇਰੇ ਪਿਤਾ ਸ. ਕਰਤਾਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਸੀ। ਅਖ਼ਬਾਰਾਂ ਵਿੱਚ ਉਸ ਦੇ ਚੰਗੇ ਰੀਵਿਊ ਵੀ ਛਪੇ। ਸਾਰਥਿਕ ਆਲੋਚਨਾ ਵੀ ਹੋਈ, ਜਿਸ ਤੋਂ ਸੇਧ ਲੈ ਕੇ ਮੈਂ ਮਸ਼ਹੂਰ ਵਿਸ਼ਵ ਸਾਹਿਤ ਤੇ ਸਾਇੰਸ ਫਿਕਸ਼ਨ ਪੜ੍ਹਨਾ ਸ਼ੁਰੂ ਕੀਤਾ – ਮਸ਼ਹੂਰ ਲੇਖਕਾਂ ਜਿਵੇਂ ਕਿ ਐੱਚ. ਜੀ. ਵੈੱਲਜ਼, ਆਈਜ਼ਿਕ ਐਸੀਮੋਵ, ਆਰਥਰ ਸੀ. ਕਲਾਰਕ, ਕਾਰਲ ਸੈਗਨ ਆਦਿ ਨੂੰ ਪੜ੍ਹਿਆ। ਕੰਪਿਊਟਰ ਸਾਇੰਸ ਦੀ ਪੜ੍ਹਾਈ ਵੀ ਸ਼ੁਰੂ ਕੀਤੀ। ਇਸ ਕਰਕੇ ਨਵੇਂ ਵਿਗਿਆਨ ਸਾਹਿਤ ਦੀ ਰਚਨਾ ਥੋੜ੍ਹੀ ਰੁਕ ਗਈ। ਪੜ੍ਹਾਈ ਵਿੱਚ ਤੇ ਫੇਰ ਕੰਮ ਵਿੱਚ ਵਿਅਸਤ ਹੋਣ ਕਰਕੇ ਮੈਂ ਸਿਰਫ਼ ਇੱਕਾ-ਦੁੱਕਾ ਕਹਾਣੀਆਂ ਹੀ ਲਿਖ ਸਕਿਆ। ਵੈਸੇ ਵੀ ਸਾਹਿਤ ਸਿਰਜਣਾ ਦੀ ਪੀੜ ਜਣੇਪੇ ਵਾਂਗ ਅਸਹਿ ਹੁੰਦੀ ਹੈ, ਪਰ ਇੱਕ ਚੰਗਾ ਫਰਕ ਇਹ ਹੈ ਕਿ ਸਾਹਿਤ ਰਚਨਾ ਕਰਨ ਨਾਲ ਜਣੇਪੇ ਤੋਂ ਬਾਅਦ ਵਿੱਚ ਹੋਣ ਵਾਲੀ ਮਾਨਸਿਕ ਉਦਾਸੀ (Postpartum depression) ਨਹੀਂ ਹੁੰਦੀ, ਸਗੋਂ ਰਾਹਤ ਮਿਲਦੀ ਹੈ ਤੇ ਮਨ ਹਲਕਾ-ਫੁਲਕਾ ਮਹਿਸੂਸ ਹੁੰਦਾ ਹੈ, ਜਿਵੇਂ ਦਿਮਾਗ਼ ਤੋਂ ਕੋਈ ਬਹੁਤ ਵੱਡਾ ਬੋਝ ਲਹਿ ਗਿਆ ਹੋਵੇ। ਮੈਂ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖੀਆਂ। ਜਿਵੇਂ ਕਿ ਹਰ ਲੇਖਕ ਪਹਿਲਾਂ ਇੱਕ ਕਵੀ ਹੁੰਦਾ ਹੈ ਤੇ ਕਵਿਤਾ ਆਪ-ਮੁਹਾਰੇ ਹੀ ਲਿਖੀ ਜਾਂਦੀ ਹੈ। ਮੈਂ ਆਪਣੇ ਮਨ ਦੇ ਵਲਵਲੇ ਕਵਿਤਾ ਦੇ ਮਾਧਿਅਮ ਰਾਹੀਂ ਪੇਸ਼ ਕਰਦਾ ਰਿਹਾ ਤੇ ਮੇਰੀਆਂ ਕੁਝ ਕਵਿਤਾਵਾਂ ਨੂੰ ਅੰਮ੍ਰਿਤਾ ਪ੍ਰੀਤਮ ਦੇ ਮੈਗਜ਼ੀਨ ‘ਨਾਗਮਣੀ’ ਵਿੱਚ ਛਪਣ ਦਾ ਸੁਭਾਗ ਵੀ ਪ੍ਰਾਪਤ ਹੋਇਆ।
ਨੌਕਰੀ ਦੀ ਭਾਲ ਵਿਦੇਸ਼ ਲੈ ਆਈ ਤੇ ਸਾਹਿਤ ਰਚਨਾ ਨੂੰ ਹੋਰ ਠੱਲ੍ਹ ਪੈ ਗਈ। ਦੇਸ਼ ਤੋਂ ਦੂਰ ਹੋਣ ਕਰਕੇ ਬਹੁਤੀਆਂ ਰਚਨਾਵਾਂ ਪ੍ਰਕਾਸ਼ਿਤ ਵੀ ਨਾ ਹੋ ਸਕੀਆਂ, ਪਰ ਮਨ ਵਿੱਚ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਨ ਦੀ ਲੋ ਮਘਦੀ ਰਹੀ। ਇੰਟਰਨੈੱਟ ਦਾ ਯੁੱਗ ਸ਼ੁਰੂ ਹੋਣ ਨਾਲ ਲੇਖਕਾਂ ਨੂੰ ਇੱਕ ਨਵਾਂ ਪਲੈਟਫਾਰਮ ਮਿਲਿਆ ਤੇ ਮੇਰੀਆਂ ਰਚਨਾਵਾਂ ਵੈੱਬਸਾਈਟਾਂ ਤੇ ਆਨਲਾਈਨ ਮੈਗਜ਼ੀਨਾਂ ’ਤੇ ਪ੍ਰਕਾਸ਼ਿਤ ਹੋਈਆਂ। ਮੈਂ ਬੱਚਿਆਂ ਲਈ ਵੈੱਬਸਾਈਟ ਪੰਜਾਬੀ ਕਿਡਜ਼ ਡੌਟ ਓਰਗ (Punjabikids.org) ਵੀ ਤਿਆਰ ਕੀਤੀ। ਜਿਸ ਦਾ ਉਦੇਸ਼, ਗੁਰਬਾਣੀ, ਕਵਿਤਾ, ਕਹਾਣੀ ਤੇ ਵਾਰਤਕ ਰਾਹੀਂ ਬੱਚਿਆਂ ਦੇ ਕੋਮਲ ਮਨ ਵਿੱਚ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਤੇ ਲਗਨ, ਵਿਗਿਆਨ ਦੇ ਚਾਨਣ, ਕੁਦਰਤ ਦੇ ਸੁਹੱਪਣ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਉਤਸ਼ਾਹ ਪੈਦਾ ਕਰਨਾ ਹੈ। ਪੰਜਾਬੀ ਬੋਲੀ ਮਾਖਿਓਂ ਮਿੱਠੀ ਹੈ, ਜੋ ਆਪਣੇ ਅੰਦਰ ਬਹੁਤ ਅਮੀਰ ਵਿਰਸਾ, ਸੱਭਿਆਚਾਰ ਤੇ ਸਾਹਿਤ ਦੇ ਖ਼ਜ਼ਾਨੇ ਸਮੋਈ ਬੈਠੀ ਹੈ, ਜਿਸ ਦੀ ਗੋਦ ਵਿੱਚ ਬੈਠ ਕੇ ਬੱਚੇ ਆਪਣੇ ਵਿਰਸੇ, ਸੱਭਿਆਚਾਰ ਤੇ ਸਾਹਿਤ ਦਾ ਆਨੰਦ ਮਾਣ ਸਕਦੇ ਹਨ। ਅੱਜ ਦੇ ਬੱਚੇ ਕੱਲ੍ਹ ਦੇ ਇੰਜੀਨੀਅਰ, ਡਾਕਟਰ ਤੇ ਵਿਗਿਆਨਕ ਹੋਣਗੇ, ਇਸ ਕਰਕੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਵਿੱਚ ਵਿਗਿਆਨ ਦੀ ਜਾਣਕਾਰੀ ਮਿਲਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿਸ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ ਜੇ ਉਸ ਵਿੱਚ ਸਾਨੂੰ ਵਿਦਿਆ ਮਿਲੇ ਤਾਂ ਸਾਡਾ ਗਿਆਨ ਜ਼ਿਆਦਾ ਪ੍ਰਫੁੱਲਿਤ ਹੋ ਸਕਦਾ ਹੈ ਤੇ ਨਵੇਂ ਖ਼ਿਆਲ ਆਸਾਨੀ ਨਾਲ ਪਣਪ ਸਕਦੇ ਹਨ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਅਸੀਂ ਕਿਸੇ ਵੀ ਗੁੰਝਲਦਾਰ ਸੰਕਲਪ ਨੂੰ ਕਹਾਣੀ ਤੇ ਕਵਿਤਾ ਦੇ ਮਾਧਿਅਮ ਨਾਲ ਜਲਦੀ ਸਮਝ ਸਕਦੇ ਹਾਂ ਤੇ ਦੇਰ ਤੱਕ ਯਾਦ ਰੱਖ ਸਕਦੇ ਹਾਂ। ਇਸ ਤਰ੍ਹਾਂ ਬੱਚੇ ਤੇ ਵੱਡੇ ਵਿਗਿਆਨ ਨਾਲ ਸਬੰਧਿਤ ਕਹਾਣੀਆਂ ਦਾ ਆਨੰਦ ਮਾਣਦੇ ਹੋਏ ਕੁਝ ਸਿੱਖ ਵੀ ਸਕਦੇ ਹਨ। ਖ਼ਾਸ ਤੌਰ ’ਤੇ ਤਾਰਿਆਂ ਨਾਲ ਸਬੰਧਿਤ ਕਹਾਣੀਆਂ ਤੇ ਕਵਿਤਾਵਾਂ ਬੱਚਿਆਂ ਨੂੰ ਬਹੁਤ ਭਾਉਂਦੀਆਂ ਹਨ। ਇਸ ਲਈ ਮੈਂ ਅੰਗਰੇਜ਼ੀ ਕਵਿਤਾ ਤੋਂ ਪ੍ਰੇਰਣਾ ਲੈ ਕੇ ਬੱਚਿਆਂ ਲਈ ‘ਟਿਮ ਟਿਮ ਚਮਕੇ ਨਿੱਕਾ ਤਾਰਾ, ਲੱਗਦਾ ਮੈਨੂੰ ਬੜਾ ਪਿਆਰਾ’ ਕਵਿਤਾ ਰਚੀ।
ਮੈਂ ਵਿਗਿਆਨ ਦੇ ਨਾਲ ਸਬੰਧਿਤ ਵਾਰਤਕ ਤੇ ਕਵਿਤਾਵਾਂ ਵੀ ਲਿਖੀਆਂ। ਜੋ ਸਮੇਂ-ਸਮੇਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ਲੇਖਕ ਦਾ ਆਪਣਾ ਕੋਈ ਨਿੱਜੀ ਪ੍ਰੇਰਣਾ ਸਰੋਤ ਨਹੀਂ ਹੁੰਦਾ, ਸਗੋਂ ਉਸ ਨੂੰ ਸੂਝਵਾਨ ਤੇ ਸੁਖਨਵਾਨ ਲੋਕਾਂ ਦੀ ਸੰਗਤ ਤੋਂ ਹੀ ਪ੍ਰੇਰਣਾ ਮਿਲਦੀ ਹੈ। ਜਾਂ ਫਿਰ ਜਦੋਂ ਉਸ ਦੀ ਰਚਨਾ ਨੂੰ ਕਿਸੇ ਅਖ਼ਬਾਰ/ਮੈਗ਼ਜ਼ੀਨ ਵਿੱਚ ਸਥਾਨ ਮਿਲਦਾ ਹੈ, ਉਦੋਂ ਉਸ ਨੂੰ ਹੋਰ ਨਵੀਆਂ ਰਚਨਾਵਾਂ ਰਚਣ ਦਾ ਬਲ ਮਿਲਦਾ ਹੈ। ਇੱਕ ਇਨਸਾਨ ਸਾਰੀ ਉਮਰ ਸਿੱਖਦਾ ਰਹਿੰਦਾ ਹੈ। ਮੈਂ ਵੀ ਹਰ ਰੋਜ਼ ਲਿਖਣ ਦੇ ਨਵੇਂ ਤਰੀਕੇ ਸਿੱਖ ਰਿਹਾ ਹਾਂ।
ਇਸੇ ਕੜੀ ਨੂੰ ਚੱਲਦਾ ਰੱਖਣ ਲਈ ਪਿਛਲੇ ਸਾਲ ਮੈਂ ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ, ਅਜਮੇਰ ਸਿੱਧੂ, ਰੂਪ ਢਿੱਲੋਂ (ਯੂ.ਕੇ.), ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਤੇ ਹੋਰ ਲੇਖਕ ਸੱਜਣਾਂ ਦੇ ਸਹਿਯੋਗ ਨਾਲ ਪੰਜਾਬੀ ਵਿੱਚ ਵਿਗਿਆਨ ਗਲਪ ਨਾਲ ਸਬੰਧਿਤ ਤਿਮਾਹੀ ਈ-ਮੈਗਜ਼ੀਨ ‘ਉਡਾਣ’ ਸ਼ੁਰੂ ਕੀਤਾ, ਜਿਸ ਵਿੱਚ ਵਿਗਿਆਨ ਗਲਪ ਦੇ ਨਾਲ ਸਬੰਧਿਤ ਕਹਾਣੀਆਂ, ਕਵਿਤਾਵਾਂ ਤੇ ਲੇਖ ਪੇਸ਼ ਕੀਤੇ ਜਾਂਦੇ ਹਨ। ਜਿਸ ਦਾ ਉਦੇਸ਼ ਸੂਝਵਾਨ ਪੰਜਾਬੀ ਪਾਠਕਾਂ ਦੇ ਲਈ ਵਿਗਿਆਨ ਨਾਲ ਸਬੰਧਿਤ ਮਿਆਰੀ ਸਾਹਿਤ ਪੇਸ਼ ਕਰਨਾ ਹੈ, ਜਿਸ ਨਾਲ ਉਨ੍ਹਾਂ ਅੰਦਰ ਵਿਗਿਆਨ ਦੇ ਵਿਭਿੰਨ ਤੇ ਵਿਸ਼ਾਲ ਸੰਸਾਰ ਪ੍ਰਤੀ ਉਤਸੁਕਤਾ ਉਤਪੰਨ ਹੋ ਸਕੇ ਅਤੇ ਵਿਗਿਆਨ ਦੇ ਫਾਇਦੇ- ਨੁਕਸਾਨ, ਬ੍ਰਹਿਮੰਡਕ ਭਾਈਚਾਰੇ ਦਾ ਸੰਦੇਸ਼ ਤੇ ਸਭ ਤੋਂ ਉੱਤੇ ਤਰਕਸ਼ੀਲ ਸੋਚ ਹਰ ਹਿਰਦੇ ਅੰਦਰ ਵਸ ਸਕੇ। ‘ਉਡਾਣ’ ਈ-ਮੈਗਜ਼ੀਨ ਪਾਠਕ ਪਸੰਦ ਕਰ ਰਹੇ ਹਨ ਤੇ ਸਭ ਤੋਂ ਚੰਗੀ ਗੱਲ ਹੈ ਕਿ ਮੈਨੂੰ ਤੇ ਹੋਰ ਲੇਖਕਾਂ ਨੂੰ ਇੱਕ ਨਵਾਂ ਨਰੋਆ ਸਾਹਿਤ ਰਚਣ ਲਈ ਨਵਾਂ ਪ੍ਰੇਰਣਾ ਸਰੋਤ ਵੀ ਮਿਲ ਗਿਆ ਹੈ। ਉਮੀਦ ਹੈ ਹੋਰ ਲੇਖਕ ਤੇ ਪਾਠਕ ਵੀ ‘ਉਡਾਣ’ ਨਾਲ ਜੁੜਨਗੇ ਤੇ ਪੰਜਾਬੀ ਵਿੱਚ ਵਿਗਿਆਨ ਸਾਹਿਤ ਲਿਖਣ ਵਾਲੇ ਨਵੇਂ ਲੇਖਕ ਪਣਪਣਗੇ।
ਅੰਤ ਵਿੱਚ ਸਮਾਂ ਯਾਤਰਾ ਦੇ ਨਾਲ ਸਬੰਧਿਤ ਮੇਰੀ ਕਹਾਣੀ ‘ਖ਼ਾਨਾਬਦੋਸ਼’ ਵਿੱਚੋਂ ਕੁਝ ਸਤਰਾਂ ਪੇਸ਼ ਹਨ:
‘‘ਜਿਵੇਂ ਸਦੀਆਂ ਬੀਤ ਗਈਆਂ। ਜੁਗੜਿਆਂ ਦੇ ਰੱਥ ਨੇ ਇੱਕ ਲੰਮਾ ਚੱਕਰ ਕੱਢ ਕੇ ਪਲਟੀ ਖਾਧੀ। ਸਾਗਰਾਂ ਦੇ ਸੀਨਿਆਂ ’ਤੇ ਲਿਟਦੀਆਂ ਛੱਲਾਂ ਦੇ ਦਿਲ ਧੜਕੇ। ਬ੍ਰਹਿਮੰਡ ਦੇ ਅਤਿਅੰਤ ਵਿਸ਼ਾਲ, ਅਨੰਤ, ਅਥਾਹ-ਉਜਵਲ ਖੰਭਾਂ ਵਿੱਚ ਕੰਬਣੀ ਦੀ ਲੀਹ ਉੱਠੀ। ਸੁਪਨਿਆਂ ਦੇ ਦੇਸ਼ਾਂ ਦੇ ਰਾਹੀ, ਸਿਤਾਰੇ, ਜਦ ਹੌਲੀ-ਹੌਲੀ ਰਾਤ ਦੀ ਕਾਲੀ ਚੁੰਨੀ ’ਤੇ ਮੋਤੀਆਂ ਵਾਂਗ ਚਮਕਣ ਲੱਗੇ, ਤਾਂ ਮੈਂ ਆਪਣੇ ਪੱਥਰ ਬਣ ਚੁੱਕੇ ਸਰੀਰ ਨੂੰ ਉਠਾਉਣਾ ਚਾਹਿਆ। ਪਰ ਮੈਥੋਂ ਹਿੱਲਿਆ ਨਹੀਂ ਜਾ ਰਿਹਾ ਸੀ…।’’
ਈਮੇਲ: amanysingh@gmail.com