ਹਰਜੀਤ ਅਟਵਾਲ
ਸਾਲ 1999 ਦੇ ਅਖੀਰ ਵਿੱਚ ਬੀਬੀਸੀ ਵਾਲਿਆਂ ਨੇ ਇੱਕ ਸਰਵੇ ਕਰਾਇਆ ਕਿ ਪਿਛਲੇ ਹਜ਼ਾਰ ਸਾਲ ਦਾ ਸਭ ਤੋਂ ਮਹੱਤਵਪੂਰਨ ਵਿਅਕਤੀ (ਮੈਨ ਆਫ ਮਿਲੇਨੀਅਮ) ਕੌਣ ਹੋਵੇਗਾ। ਲੋਕ ਰਾਏ ਲਈ ਗਈ। ਉੱਪਰਲੇ ਦਸ ਵਿਅਕਤੀਆਂ ਵਿੱਚ ਗਾਂਧੀ, ਮੰਡੇਲਾ ਵੀ ਆਉਂਦੇ ਸਨ, ਪਰ ਆਖਰੀ ਤਿੰਨਾਂ ਵਿੱਚ ਸਿਆਸਤਦਾਨ ਵਿੰਸਟਨ ਚਰਚਿਲ, ਸਾਇੰਸਦਾਨ ਅਲਬਰਟ ਆਇੰਸਟਾਈਨ ਤੇ ਲੇਖਕ ਵਿਲੀਅਮ ਸ਼ੇਕਸਪੀਅਰ ਚੁਣੇ ਗਏ। ਪਰ ਅਖੀਰ ਵਿੱਚ ਮੈਨ ਆਫ ਦਾਿ ਮਿਲੇਨੀਅਮ ਸ਼ੇਕਸਪੀਅਰ ਰਿਹਾ। ਇਸ ਦਾ ਕਾਰਨ ਇਹ ਦੱਸਿਆ ਗਿਆ ਕਿ ਸਿਆਸਤਦਾਨਾਂ ਨੇ ਡੈਮੋਕਰੇਸੀ ਬਾਰੇ ਕੰਮ ਕੀਤਾ, ਪਰ ਇਹ ਕੋਈ ਹੋਰ ਵੀ ਕਰ ਸਕਦਾ ਸੀ। ਜਿਹੜੀ ਖੋਜ ਆਇੰਸਟਾਈਨ ਨੇ ਕੀਤੀ, ਉਹ ਫਾਰਮੂਲਾ ਤਾਂ ਪਹਿਲਾਂ ਹਾਜ਼ਰ ਹੀ ਸੀ, ਅਗਾਓਂ-ਪਿਛਾਓਂ ਕਦੇ ਵੀ ਲੱਭਿਆ ਜਾ ਸਕਦਾ ਸੀ। ਇਹ ਚੀਜ਼ਾਂ ਉਨ੍ਹਾਂ ਦੀਆਂ ਆਪਣੀਆਂ ਰਚੀਆਂ ਹੋਈਆਂ ਨਹੀਂ ਸਨ, ਪਰ ਜੋ ਕੁਝ ਸ਼ੇਕਸਪੀਅਰ ਨੇ ਰਚਿਆ ਉਹ ਕੋਈ ਹੋਰ ਨਹੀਂ ਸੀ ਰਚ ਸਕਦਾ। ਸ਼ੇਕਸਪੀਅਰ ਰਚਨਹਾਰਾ ਸੀ। ਇੱਥੇ ਲੇਖਕ ਨੂੰ ਰੱਬ ਦੇ ਬਰਾਬਰ ਮੰਨਿਆ ਗਿਆ ਤੇ ਰੱਬ ਦੇ ਘਰ ਨੂੰ ਮੱਕਾ। ਸੋ ਲੇਖਕਾਂ ਦਾ ਮੱਕਾ ਸਟਰੈਟਫੋਰਡ ਅਪੌਨ ਐਵਨ ਹੈ ਜਿੱਥੇ ਸ਼ੇਕਸਪੀਅਰ ਜੰਮਿਆਂ, ਵੱਡਾ ਹੋਇਆ ਤੇ ਉਸ ਦੀ ਕਬਰ ਹੈ। ਮੈਂ ਇੱਥੇ ਜਾਂਦਾ ਰਹਿੰਦਾ ਹਾਂ। ਜਦੋਂ ਵੀ ਕੋਈ ਦੋਸਤ ਕਿਸੇ ਹੋਰ ਮੁਲਕ ਤੋਂ ਆਵੇ ਤਾਂ ਅਸੀਂ ਇੱਥੇ ਜ਼ਿਆਰਤ ਕਰਨ ਜ਼ਰੂਰ ਜਾਂਦੇ ਹਾਂ। ਹਰ ਸਾਲ ਪੱਚੀ ਲੱਖ ਤੋਂ ਵੱਧ ਲੋਕ ਉਸ ਮਹਾਨ ਲੇਖਕ ਨੂੰ ਸਿਜਦਾ ਕਰਨ ਆਉਂਦੇ ਹਨ।
ਇੱਥੇ ਮੈਂ ਵਿਲੀਅਮ ਸ਼ੇਕਸਪੀਅਰ ਦੇ ਰਚਨਾ ਸੰਸਾਰ ਨਾਲੋਂ ਉਸ ਦੇ ਜਨਮ ਸਥਾਨ ਬਾਰੇ ਗੱਲ ਕਰਨੀ ਚਾਹਾਂਗਾ। ਸਟਰੈਟਫੋਰਡ ਛੋਟਾ ਜਿਹਾ ਸ਼ਹਿਰ ਹੈ। ਇਹ ਦਰਿਆ ਐਵਨ ਦੇ ਕੰਢੇ ਵਸਿਆ ਹੋਣ ਕਰਕੇ ਇਸ ਨੂੰ ਸਟਰੈਟਫੋਰਡ ਅਪੌਨ ਐਵਨ ਕਿਹਾ ਜਾਂਦਾ ਹੈ। ਯੂਕੇ ਵਿੱਚ ਸ਼ਹਿਰ ਨਾਲ ਨੇੜਲੇ ਦਰਿਆ ਦਾ ਨਾਂ ਜੋੜਨਾ ਬਹੁਤ ਪ੍ਰਚੱਲਤ ਹੈ। ਉਹ ਘਰ ਜਿਸ ਵਿੱਚ ਵਿਲੀਅਮ ਸ਼ੇਕਸਪੀਅਰ ਦਾ ਜਨਮ ਹੋਇਆ, ਹੈਨਲੀ ਸਟਰੀਟ ’ਤੇ ਪੈਂਦਾ ਹੈ। ਇਹ ਇਮਾਰਤ ਲੱਕੜੀ ਦੇ ਫਰੇਮ ਬਣਾ ਕੇ ਉਨ੍ਹਾਂ ਵਿੱਚ ਚੂਨਾ ਜਾਂ ਉਸ ਵੇਲੇ ਦਾ ਬਿਲਡਿੰਗ ਮਟੀਰੀਅਲ ਭਰਿਆ ਹੋਇਆ ਹੈ। ਇਸ ਵੇਲੇ ਇਹ ਆਮ ਜਿਹੀ ਇਮਾਰਤ ਹੈ, ਪਰ ਸੋਲਵੀਂ ਸਦੀ ਵਿੱਚ ਜ਼ਰੂਰ ਖਾਸ ਹੋਵੇਗੀ। ਇਹ ਘਰ ਪੰਦਰਵੀਂ ਸਦੀ ਵਿੱਚ ਬਣਿਆ ਹੈ ਕਿਉਂਕਿ 1564 ਵਿੱਚ ਵਿਲੀਅਮ ਸ਼ੇਕਸਪੀਅਰ ਦਾ ਜਨਮ ਹੁੰਦਾ ਹੈ। ਉਸ ਤੋਂ ਕਿਤੇ ਪਹਿਲਾਂ ਦਾ ਉਸ ਦਾ ਪਿਓ ਜੌਹਨ ਸ਼ੈਕਸਪੀਅਰ ਇੱਥੇ ਰਹਿੰਦਾ ਹੋਵੇਗਾ। ਰਿਕਾਰਡ ਦੱਸਦੇ ਹਨ ਕਿ ਜੌਹਨ ਸ਼ੇਕਸਪੀਅਰ ਨੂੰ 1552 ਵਿੱਚ ਘਰ ਮੁਹਰੇ ਗੰਦ ਜਮ੍ਹਾਂ ਕਾਰਨ ਜੁਰਮਾਨਾ ਹੋਇਆ ਸੀ। ਵੈਸੇ ਜੌਹਨ ਉੱਨ ਦਾ ਵਪਾਰੀ ਸੀ। ਉਸ ਦਾ ਵਾਹਵਾ ਕੰਮ ਸੀ। 1568 ਵਿੱਚ ਜੌਹਨ ਨੂੰ ਸਟਰੈਟਫੋਰਡ ਦਾ ਮੇਅਰ ਬਣਾਇਆ ਗਿਆ ਸੀ। ਉਹ ਐਤਵਾਰ ਵਾਲੇ ਦਿਨ ਮੇਅਰ ਵਾਲਾ ਰੰਗਦਾਰ ਚੋਲ਼ਾ ਪਾ ਕੇ ਚਰਚ ਜਾਂਦਾ ਸੀ। ਉਸ ਦੇ ਅੱਠ ਬੱਚੇ ਸਨ। ਵਿਲੀਅਮ ਦਾ ਨੰਬਰ ਤੀਜਾ ਸੀ। ਜੌਹਨ ਦੇ ਮਰਨ ਤੀਕ ਵਿਲੀਅਮ ਸਭ ਤੋਂ ਵੱਡਾ ਰਹਿ ਗਿਆ ਸੀ, ਇਸ ਲਈ ਇਹ ਘਰ ਵਿਲੀਅਮ ਨੂੰ ਹੀ ਮਿਲਿਆ ਸੀ, ਇੰਗਲੈਂਡ ਦੇ ਉਸ ਵੇਲੇ ਦੇ ਕਾਨੂੰਨ ਮੁਤਾਬਕ। ਪਿਓ ਦਾ ਹੱਥ ਸੌਖਾ ਹੋਣ ਕਰਕੇ ਵਿਲੀਅਮ ਨੂੰ ਗਰੈਮਰ ਸਕੂਲ ਵਿੱਚ ਪੜ੍ਹਨ ਲਾਇਆ ਗਿਆ ਸੀ। ਯੂਕੇ ਵਿੱਚ ਗਰੈਮਰ ਸਕੂਲਾਂ ਦਾ ਕਲਚਰ ਬਹੁਤ ਪੁਰਾਣਾ ਹੈ। ਪਹਿਲਾਂ ਇਨ੍ਹਾਂ ਵਿੱਚ ਅਮੀਰਾਂ ਦੇ ਬੱਚੇ ਜਾਂਦੇ ਸਨ, ਹੁਣ ਲਿਆਕਤ ਦੇ ਹਿਸਾਬ ਨਾਲ ਦਾਖਲਾ ਮਿਲਦਾ ਹੈ। ਇਸ ਘਰ ਵਿੱਚ ਸ਼ੇਕਸਪੀਅਰ ਜਨਮ ਤੋਂ ਲੈ ਕੇ ਪੰਜ ਸਾਲ ਵਿਆਹੁਤਾ ਜੀਵਨ ਤੀਕ ਰਿਹਾ। ਉਸ ਦਾ ਵਿਆਹ ਐਨ ਹੈਥਵੇਅ ਨਾਲ ਹੋਇਆ ਸੀ। 1601 ਵਿੱਚ ਜੌਹਨ ਦੀ ਮੌਤ ਤੋਂ ਬਾਅਦ ਇਹ ਘਰ ਵਿਲੀਅਮ ਨੂੰ ਮਿਲਦਾ ਹੈ। ਵਿਲੀਅਮ ਤੋਂ ਬਾਅਦ ਉਸ ਦੀ ਧੀ ਸੁਜ਼ਾਨਾ ਨੂੰ ਤੇ ਉਸ ਤੋਂ ਬਾਅਦ ਇਹ ਘਰ ਅੱਗੇ ਉਸ ਦੀ ਇਕਲੌਤੀ ਧੀ ਅਲੈਜ਼ਬੈੱਥ ਨੂੰ ਮਿਲਦਾ ਹੈ। ਉਸ ਦੇ ਕੋਈ ਔਲਾਦ ਨਾ ਹੋਣ ਕਰਕੇ ਇਹ ਘਰ ਵਿਲੀਅਮ ਦੀ ਇੱਕ ਭੈਣ ਦੀ ਅਗਲੀ ਔਲਾਦ ਨੂੰ ਮਿਲਦਾ ਹੈ। 1847 ਵਿੱਚ ਇਸ ਘਰ ਨੂੰ ਸ਼ੇਕਸਪੀਅਰ ਬਰਥਪਲੇਸ ਟਰੱਸਟ ਖਰੀਦ ਲੈਂਦਾ ਹੈ। ਜੌਹਨ ਵੇਲੇ ਤੋਂ ਹੀ ਅੱਧੇ ਘਰ ਨੂੰ ਕਾਰੋਬਾਰ ਲਈ ਵਰਤਿਆ ਜਾਂਦਾ ਸੀ, ਉਹੋ ਅੱਧਾ ਹਿੱਸਾ ਬਾਅਦ ਵਿੱਚ ਕਿਰਾਏ ’ਤੇ ਦੇ ਦਿੱਤਾ ਗਿਆ ਸੀ।
ਸ਼ੇਕਸਪੀਅਰ ਦੇ ਘਰ ਦਾ ਕੁਝ ਹਿੱਸਾ ਜੋ ਕਿਰਾਏ ’ਤੇ ਸੀ, ਉਸ ਨੂੰ ਲੈ ਕੇ ਵੀ ਬਹੁਤ ਦਿਲਚਸਪ ਕਿੱਸਾ ਹੈ। ਸ਼ੇਕਸਪੀਅਰ ਦੀ ਪ੍ਰਸਿੱਧੀ ਦੁਨੀਆ ਭਰ ਵਿੱਚ ਫੈਲ ਗਈ। ਉਸ ਦੇ ਮਰਨ ਤੋਂ ਬਾਅਦ ਲੋਕ ਉਸ ਬਾਰੇ ਜਾਣਨ ਲਈ ਹੋਰ ਵੀ ਉਤਸੁਕ ਹੋਣ ਲੱਗੇ। ਉਸ ਦਾ ਜਨਮ ਸਥਾਨ ਦੇਖਣ ਆਉਣ ਲੱਗੇ। 1820 ਵਿੱਚ ਕਿਰਾਏਦਾਰਨੀ ਮਿਸਿਜ਼ ਹੌਰਨਬੀ ਦਾ ਕਿਰਾਇਆ ਵਧਾਇਆ ਗਿਆ ਤਾਂ ਉਸ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਉਸ ਨੇ ਹੈਨਲੀ ਸਟਰੀਟ ’ਤੇ ਹੀ ਹੋਰ ਘਰ ਕਿਰਾਏ ’ਤੇ ਲੈ ਕੇ ਉਸ ਨੂੰ ਸ਼ੇਕਸਪੀਅਰ ਸੈਂਟਰ ਦੇ ਤੌਰ ’ਤੇ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੀਆਂ ਚੀਜ਼ਾਂ ਰੱਖ ਕੇ ਦਾਅਵਾ ਕੀਤਾ ਕਿ ਇਹ ਸ਼ੇਕਸਪੀਅਰ ਦੀਆਂ ਅਸਲੀ ਚੀਜ਼ਾਂ ਹਨ। ਯਾਤਰੀ ਉਸ ਦੇ ਮਿਊਜ਼ੀਅਮ ਵਿੱਚ ਜਾਣ ਲੱਗੇ। ਜਿਸ ਦੇ ਉਹ ਪੈਸੇ ਲੈਂਦੀ ਸੀ। ਇਵੇਂ ਸ਼ੈਕਸਪੀਅਰ ਦੇ ਜਨਮ ਸਥਾਨ ਦਾ ਪ੍ਰਬੰਧ ਕੁਝ ਢਿੱਲਾ ਸੀ। ਇਸ ਨੂੰ ਦੇਖਦਿਆਂ ਉਸ ਦੇ ਸ਼ੁਭਚਿੰਤਕਾਂ ਨੇ 1847 ਵਿੱਚ ਸ਼ੇਕਸਪੀਅਰ ਬਰਥਪਲੇਸ ਟਰੱਸਟ ਬਣਾਇਆ ਤੇ ਇਹ ਘਰ ਖਰੀਦ ਲਿਆ।
ਇਹ ਜਗ੍ਹਾ ਸਾਦੀ ਹੀ ਰੱਖੀ ਗਈ ਹੈ। ਇਸ ਵਿੱਚ ਸ਼ੇਕਸਪੀਅਰ ਦੇ ਜਨਮ ਸਮੇਂ ਤੋਂ ਲੈ ਕੇ ਉਸ ਦੇ ਅੰਤਿਮ ਦਿਨਾਂ ਤੀਕ ਦੀਆਂ ਯਾਦਾਂ ਪਈਆਂ ਹਨ। ਉਸ ਦੇ ਬਚਪਨ ਦੇ ਪੰਘੂੜੇ, ਕੱਪੜੇ, ਖਿਡੌਣੇ, ਕਿਤਾਬਾਂ ਆਦਿ ਬਹੁਤ ਕੁਝ ਹੈ ਦੇਖਣ ਵਾਲਾ। ਜਿਸ ਕਮਰੇ ਵਿੱਚ ਉਸ ਦਾ ਜਨਮ ਹੋਇਆ ਸਮਝਿਆ ਜਾਂਦਾ ਹੈ, ਉਹ ਵੀ ਯਾਤਰੀਆਂ ਦਾ ਧਿਆਨ ਮੰਗਦਾ ਹੈ। ਇੱਕ ਪਾਸੇ ਉਸ ਦੀਆਂ ਥੀਏਟਰ ਨਾਲ ਜੁੜੀਆਂ ਯਾਦਾਂ ਵੀ ਹਨ। ਉਸ ਦੇ ਪਾਤਰਾਂ ਦੇ ਕੱਪੜਿਆਂ ਤੋਂ ਲੈ ਕੇ ਸਟੇਜ ’ਤੇ ਵਰਤੀਆਂ ਹੋਰ ਵਸਤਾਂ ਤੱਕ ਬਹੁਤ ਦੇਖਣ ਵਾਲਾ ਹੈ। ਇੱਥੇ ਦਾ ਵਿਜ਼ਟਰ ਸੈਂਟਰ ਤੇ ਐਗਜ਼ੀਬੀਸ਼ਨ ਖਾਸ ਖਿੱਚ ਦਾ ਕਾਰਨ ਬਣਦੇ ਹਨ। ਹਾਂ, ਸ਼ੇਕਸਪੀਅਰ ਦਾ ਗਾਰਡਨ ਵੀ ਦੇਖਣਯੋਗ ਹੈ। ਇਸ ਗਾਰਡਨ ਵਿੱਚ ਉਸ ਵੇਲੇ ਦੀਆਂ ਕਿਤਾਬਾਂ ਵਿੱਚੋਂ ਖੋਜ ਕਰਕੇ ਸ਼ੇਕਸਪੀਅਰ ਵੇਲੇ ਦੇ ਫੁੱਲ ਬੂਟੇ ਲਾਏ ਹੋਏ ਹਨ। ਉਮੀਦ ਕੀਤੀ ਜਾਂਦੀ ਹੈ ਕਿ ਸ਼ੇਕਸਪੀਅਰ ਇਸ ਬਨਸਪਤੀ ਤੋਂ ਵਾਕਫ਼ ਹੋਵੇਗਾ। ਉਸ ਦੇ ਜਨਮ ਸਥਾਨ ’ਤੇ ਮੈਨੂੰ ਜੋ ਸਭ ਤੋਂ ਵੱਧ ਪਸੰਦ ਆਈ ਉਹ ਸ਼ੀਸ਼ੇ ਦੀ ਇੱਕ ਖਿੜਕੀ ਹੈ ਜਿਸ ਉੱਪਰ ਇੱਥੇ ਆਏ ਯਾਤਰੂਆਂ ਨੇ ਦਸਤਖ਼ਤ ਕੀਤੇ ਹੋਏ ਹਨ ਜਿਨ੍ਹਾਂ ਵਿੱਚ ਮੇਰੇ ਪਸੰਦੀਦਾ ਦੋ ਵੱਡੇ ਨਾਵਲਕਾਰਾਂ ਦੇ ਦਸਤਖ਼ਤ ਸ਼ਾਮਲ ਹਨ, ਵਾਲਟਰ ਸਕੌਟ ਤੇ ਚਾਰਲਸ ਡਿੱਕਨਜ਼।
ਸ਼ੇਕਸਪੀਅਰ ਤੇ ਉਸ ਦੀ ਪਤਨੀ ਦੀਆਂ ਕਬਰਾਂ ਹੋਲੀ ਟਰਿੰਟੀ ਚਰਚ ਵਿੱਚ ਹਨ। ਇਹ ਚਰਚ ਸ਼ਹਿਰ ਦੀ ਸਭ ਤੋਂ ਪੁਰਾਣੀ ਇਮਾਰਤ ਹੈ। ਵੈਸੇ ਤਾਂ ਚਰਚ ਵਿੱਚ ਕੋਈ ਵੀ ਜਾ ਸਕਦਾ ਹੈ, ਪਰ ਸ਼ੇਕਸਪੀਅਰ ਦੀ ਕਬਰ ਦੇਖਣ ਦਾ ਟਿਕਟ ਹੈ। ਇਹ ਕਬਰ ਚਰਚ ਦੇ ਪੰਜ ਮੀਟਰ ਹੇਠਾਂ ਹੈ। ਇੱਥੇ ਸ਼ੇਕਸਪੀਅਰ ਦਾ ਮੌਨੂਮੈਂਟ ਵੀ ਲੱਗਿਆ ਹੋਇਆ ਹੈ। ਕਿਹਾ ਜਾਂਦਾ ਹੈ, ਲੇਖਕ ਦੀ ਮੌਨੂਮੈਂਟ ਵਾਲੀ ਤਸਵੀਰ ਸਭ ਤੋਂ ਅਸਲੀ ਤਸਵੀਰ ਹੈ ਕਿਉਂਕਿ ਸ਼ੇਕਸਪੀਅਰ ਦੇ ਮਰਨ ਤੋਂ ਛੇਤੀਂ ਪਿੱਛੋਂ ਹੀ ਉਦੋਂ ਦੇ ਕਲਾਕਾਰਾਂ ਨੇ ਇਸ ਨੂੰ ਬਣਾਇਆ ਸੀ।
ਮੈਂ ਸਟਰੈਟਫੋਰਡ ਅਪੌਨ ਐਵਨ ਬਹੁਤ ਸਾਲਾਂ ਤੋਂ ਜਾ ਰਿਹਾ ਹਾਂ। ਮੇਰੇ ਉੱਥੇ ਜਾਣ ਦੇ ਦੋ ਕਾਰਨ ਹਨ, ਇੱਕ ਤਾਂ ਮਹਾਨ ਲੇਖਕ ਦਾ ਜਨਮ ਅਸਥਾਨ ਤੇ ਦੂਜੇ ਇਸ ਦੇ ਸਟਰੈਟਫੋਰਡ ਹੋਣ ਕਰਕੇ। ਇਹ ਸ਼ਹਿਰ ਬਾਰਵੀਂ ਸਦੀ ਵਿੱਚ ਵਸਿਆ। ਛੋਟਾ ਜਿਹਾ ਪਿੰਡ ਪਹਿਲਾਂ ਕਸਬਾ ਬਣਿਆ ਤੇ ਫਿਰ ਸ਼ਹਿਰ, ਪਰ ਹਾਲੇ ਵੀ ਇਹ ਛੋਟਾ ਜਿਹਾ ਹੀ ਹੈ, ਅਠਾਈ ਹਜ਼ਾਰ ਦੀ ਆਬਾਦੀ ਵਾਲਾ। ਇੱਥੇ ਜਨਮ ਅਸਥਾਨ ਤੋਂ ਬਿਨਾਂ ਹੋਰ ਵੀ ਕਿੰਨਾ ਕੁਝ ਦੇਖਣ ਵਾਲਾ ਹੈ। ਮੈਂ ਇਸ ਸ਼ਹਿਰ ਨੂੰ ਦੇਖਣ ਕਈ ਵਾਰ ਚਲੇ ਜਾਂਦਾ ਹਾਂ। ਇੱਥੇ ਹੋਟਲ ਸਸਤੇ ਹੀ ਹਨ। ਸ਼ੇਕਸਪੀਅਰ ਬਰਥਪਲੇਸ ਤੋਂ ਪੱਛਮ ਵੱਲ ਨੂੰ ਮੀਲ ਕੁ ’ਤੇ ਐਨ ਹੈਥਵੇਅ ਦੀ ਕੌਟੇਜ ਹੈ। ਸ਼ੇਕਸਪੀਅਰ ਦੀ ਪਤਨੀ ਦੇ ਪਰਿਵਾਰ ਦਾ ਇਹ ਐਲਿਜ਼ਬੇਥੀਅਨ ਫਾਰਮ ਹਾਊਸ, ਜਾਣੀ ਕਿ ਰਾਣੀ ਐਲਿਜ਼ਬੈਥ ਪਹਿਲੀ ਦੇ ਵੇਲੇ ਬਣਿਆ ਹੋਇਆ, ਬਹੁਤ ਖੂਬਸੂਰਤ ਹੈ। ਪੁਰਾਣਾ ਫਰਨੀਚਰ ਤੇ ਉਸ ਵੇਲੇ ਦਾ ਹੋਰ ਸਾਮਾਨ ਇੱਥੇ ਸਾਂਭਿਆ ਪਿਆ ਹੈ। ਇਵੇਂ ਹੀ ਇੱਥੇ ਇੱਕ ਨਿਊਪਲੇਸ ਹੁੰਦਾ ਸੀ। ਇਹ ਸ਼ੇਕਸਪੀਅਰ ਦਾ ਉਹ ਘਰ ਸੀ ਜਿੱਥੇ ਉਹ 1597 ਤੋਂ ਲੈ ਕੇ 1616 ਤੀਕ ਭਾਵ ਮਰਨ ਤੀਕ ਰਿਹਾ। ਲੇਖਕ ਦੁਨੀਆ ਘੁੰਮਦਾ, ਕੰਮਕਾਰ ਕਰਦਾ ਜਦੋਂ ਥੱਕ ਜਾਂਦਾ ਸੀ ਤਾਂ ਇੱਥੇ ਆ ਕੇ ਆਰਾਮ ਕਰਦਾ ਸੀ। ਉਸ ਦੀ ਮੌਤ ਤੋਂ ਕਾਫ਼ੀ ਦੇਰ ਤੀਕ ਇਹ ਠੀਕ ਰਿਹਾ, ਪਰ ਫਿਰ ਇਹ ਘਰ ਉਸ ਦੇ ਇੱਕ ਰਿਸ਼ਤੇਦਾਰ ਦੇ ਹਿੱਸੇ ਆ ਗਿਆ ਜੋ ਬਿਲਡਰ ਸੀ, ਉਸ ਨੇ ਢਾਹ ਕੇ ਇਸ ਜਗ੍ਹਾ ਕੋਈ ਨਵੀਂ ਇਮਾਰਤ ਬਣਾ ਦਿੱਤੀ। ਇੱਥੇ ਨੇੜੇ ਹੀ ਹਾਲਜ਼ ਕਰੌਫਟ, ਉਸ ਦੀ ਕੁੜੀ ਸੂਜ਼ਨ ਦਾ ਘਰ ਵੀ ਹੈ। ਉੱਥੇ ਵੀ ਕਾਫ਼ੀ ਸਾਰੀਆਂ ਪੁਰਾਣੀਆਂ ਵਸਤਾਂ ਦੇਖਣ ਨੂੰ ਮਿਲਦੀਆਂ ਹਨ। ਇਵੇਂ ਹੀ ਇੱਥੋਂ ਸਾਢੇ ਤਿੰਨ ਮੀਲ ਦੂਰ ਇੱਕ ਜਗ੍ਹਾ ਵਿਲਮਕੋਟ ਹੈ ਜਿੱਥੇ ਸ਼ੇਕਸਪੀਅਰ ਦੀ ਮਾਂ ਮੈਰੀ ਦਾ ਪਰਿਵਾਰਕ ਘਰ ਹੈ ਜੋ ਟਿਊਡਰ ਵੇਲੇ ਦਾ ਬਣਿਆ ਹੋਇਅ ਹੈ। ਇੱਥੇ ਵੀ ਕਾਫ਼ੀ ਸਾਰੀਆਂ ਪੁਰਾਤਨ ਵਸਤਾਂ ਸਾਂਭੀਆਂ ਪਈਆਂ ਹਨ। ਇੱਥੇ ਇੱਕ ਬਟਰ ਫਲਾਈ ਗਾਰਡਨ ਵੀ ਹੈ। ਦਰਿਆ ਐਵਨ ਦੇ ਕੰਢੇ ਖ਼ੂਬਸੂਰਤ ਰੈਸਟੋਰੈਂਟ ਪੱਬ ਹਨ। ਦਰਿਆ ਵਿੱਚ ਰੰਗ ਬਿਰੰਗੀਆਂ ਕਿਸ਼ਤੀਆਂ ਬਹੁਤ ਮਨਮੋਹਕ ਲੱਗਦੀਆਂ ਹਨ। ਇੱਥੋਂ ਵੱਡੀਆਂ ਕਿਸ਼ਤੀਆਂ ਰਾਹੀਂ ਮਨਮੋਹਕ ਇਲਾਕਿਆਂ ਦਾ ਟੂਰ ਕਰਾਇਆ ਜਾਂਦਾ ਹੈ। ਇੰਜਣ ਵਾਲੀਆਂ ਕਿਸ਼ਤੀਆਂ ਕਿਰਾਏ ’ਤੇ ਵੀ ਮਿਲ ਜਾਂਦੀਆਂ ਹਨ। ਤੁਸੀਂ ਆਪ ਵੀ ਦਰਿਆ ਵਿੱਚ ਸੇਲ ਕਰ ਸਕਦੇ ਹੋ। 26 ਅਪਰੈਲ ਦੇ ਨੇੜਲੇ ਸਪਤਾਹ ਅੰਤ ਨੂੰ ਇੱਥੇ ਸ਼ੈਕਸਪੀਅਰ ਦੀ ਯਾਦ ਵਿੱਚ ਹਰ ਸਾਲ ਮੇਲਾ ਲੱਗਦਾ ਹੈ। ਕੁਝ ਸਾਲ ਪਹਿਲਾਂ ਉਸ ਦੀ ਚਾਰ ਸੌਵੀਂ ਬਰਸੀ ਵੀ ਮਨਾਈ ਗਈ ਸੀ।
ਇਨ੍ਹਾਂ ਸਭ ਤੋਂ ਉੱਪਰ ਮੇਰੇ ਲਈ ਇੱਥੇ ਦੇਖਣਯੋਗ ਹੈ ‘ਰੌਇਲ ਸ਼ੈਕਸਪੀਅਰ ਥੀਏਟਰ’, ਜਿੱਥੇ ਸ਼ੇਕਸਪੀਅਰ ਦੇ ਨਾਟਕ ਚੱਲਦੇ ਰਹਿੰਦੇ ਹਨ। ਇਸ ਦੀ ਸਟੇਜ ਬਹੁਤ ਵੱਡੀ ਹੈ ਜਿੱਥੇ ਮੀਂਹ ਪੁਆਇਆ ਜਾ ਸਕਦਾ ਹੈ, ਪਾਣੀ ਵਾਲੇ ਜਹਾਜ਼ਾਂ ਦੀ ਲੜਾਈ ਤੱਕ ਦਿਖਾ ਦਿੱਤੀ ਜਾਂਦੀ ਹੈ। 1769 ਵਿੱਚ ਇਸ ਦੇ ਨੇੜੇ ਹੀ ਲੱਕੜੀ ਦਾ ਥੀਏਟਰ ਬਣਿਆ ਸੀ। ਇੱਕ ਵਾਰ ਏਨਾ ਮੀਂਹ ਪਿਆ ਕਿ ਉਹ ਥੀਏਟਰ ਰੁੜ੍ਹ ਗਿਆ। ਸ਼ੇਕਸਪੀਅਰ ਦਾ ਤਿੰਨ ਸੌਵਾਂ ਜਨਮ ਦਿਨ ਮਨਾਉਣ ਲਈ 1864 ਵਿੱਚ ਇੱਕ ਵਾਰ ਫਿਰ ਤਿੰਨ ਮਹੀਨੇ ਲਈ ਆਰਜ਼ੀ ਥੀਏਟਰ ਬਣਾਇਆ ਗਿਆ। 1870 ਵਿੱਚ ਚਾਰਲਸ ਫਲਾਵਰ ਨਾਂ ਦੇ ਇੱਕ ਰਈਸ ਨੇ ਪੱਕਾ ਥੀਏਟਰ ਬਣਾਉਣ ਲਈ ਦਰਿਆ ਦੇ ਕੰਢੇ ਜਗ੍ਹਾ ਦਿੱਤੀ। 1879 ਵਿੱਚ ਪਹਿਲਾ ਸ਼ੇਕਸਪੀਅਰ ਮੈਮੋਰੀਅਲ ਥੀਏਟਰ ਬਣਿਆ। ਇਹ ਬਹੁਤ ਮਕਬੂਲ ਹੋਇਆ। 1926 ਵਿੱਚ ਇਹਨੂੰ ਅੱਗ ਲੱਗ ਗਈ। 1932 ਵਿੱਚ ਹੁਣ ਵਾਲਾ ਰੌਇਲ ਸ਼ੇਕਸਪੀਅਰ ਥੀਏਟਰ ਤਿਆਰ ਹੋਇਆ। ਫਿਰ ਇਸ ਨਾਲ ਦੋ ਛੋਟੇ ਥੀਏਟਰ ਵੀ ਬਣਾਏ ਗਏ। ਇਸ ਥੀਏਟਰ ਵਿੱਚ ਚੱਲਦੇ ਨਾਟਕਾਂ ਵਿੱਚ ਭਾਗ ਲੈਣਾ ਹਰ ਐਕਟਰ ਦਾ ਸੁਪਨਾ ਹੁੰਦਾ ਹੈ। ਦੁਨੀਆ ਦੇ ਵੱਡੇ-ਵੱਡੇ ਐਕਟਰ, ਡਾਇਰੈਕਟਰ ਇੱਥੇ ਆਪਣੀ ਕਲਾ ਦੇ ਜੌਹਰ ਦਿਖਾਉਣ ਆਉਂਦੇ ਹਨ। ਇਸ ਥੀਏਟਰ ਦੇ ਦਰਸ਼ਕ ਵੀ ਵੱਡੀਆਂ-ਵੱਡੀਆਂ ਹਸਤੀਆਂ ਹੁੰਦੀਆਂ ਹਨ। ਦਰਸ਼ਕ ਸਾਰੀ ਦੁਨੀਆ ਵਿੱਚੋਂ ਆਉਂਦੇ ਹਨ। ਟਿਕਟਾਂ ਦੀ ਔਨਲਾਈਨ ਬੁਕਿੰਗ ਹੁੰਦੀ ਹੈ, ਖਿੜਕੀ ’ਤੇ ਸ਼ਾਇਦ ਹੀ ਤੁਸੀਂ ਖਰੀਦ ਸਕੋਂ। ਅੱਜਕੱਲ੍ਹ ਇਸ ਨੂੰ ਰੌਇਲ ਸ਼ੇਕਸਪੀਅਰ ਕੰਪਨੀ ਸਟਰੈਟਫੋਰਡ ਅਪੌਨ ਐਵਨ ਸੰਭਾਲਦੀ ਹੈ ਜਿਸ ਦਾ ਨਿਰਮਾਣ 1960 ਵਿੱਚ ਕੀਤਾ ਗਿਆ ਸੀ। ਇਸ ਥੀਏਟਰ ਵਿੱਚ ਸ਼ੇਕਸਪੀਅਰ ਦਾ ਨਾਟਕ ਦੇਖਣਾ ਜ਼ਿੰਦਗੀ ਦਾ ਅਦਭੁੱਤ ਤਜਰਬਾ ਹੈ ਤੇ ਮੈਂ ਇਹ ਤਜਰਬਾ ਕਈ ਵਾਰ ਕੀਤਾ ਹੈ।
ਈ-ਮੇਲ : harjeetatwal@hotmail.co.uk