ਆਂਗਨਵਾੜੀ ਵਰਕਰਾਂ ਫੂਕਣਗੀਆਂ ਸਰਕਾਰ ਦੀਆਂ ਅਰਥੀਆਂ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ’ਤੇ ਬਲਾਕ ਸ਼ਾਹਕੋਟ ਤੇ ਲੋਹੀਆਂ ਖਾਸ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ 13 ਤੋਂ 30 ਸਤੰਬਰ ਤੱਕ ਬਲਾਕ ਦੇ ਹਰ ਪਿੰਡ ਵਿਚ ਸੂਬਾ ਸਰਕਾਰ ਦੀਆਂ ਅਰਥੀਆਂ ਫੂਕਣਗੀਆਂ। ਯੂਨੀਅਨ ਦੀ ਬਲਾਕ ਪ੍ਰਧਾਨ ਸੁਨੀਤਾ ਰਾਣੀ, ਕਸ਼ਮੀਰ ਕੌਰ, ਗੁਰਦੇਵ ਕੌਰ ਤੇ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ’ਚ ਨਰਸਰੀ ਟੀਚਰ ਦਾ ਦਰਜਾ ਹਾਸਲ ਕਰਨ ਅਤੇ ਕਈ ਹੋਰ ਮੰਗਾਂ ਦੀ ਪ੍ਰਾਪਤੀ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਨੂੰ ਨਰਸਰੀ ਟੀਚਰ ਦਾ ਦਰਜਾ ਦੇਣ ਦੀ ਬਜਾਇ ਸਰਕਾਰ ਨੇ ਸਿੱਖਿਆ ਵਿਭਾਗ ਦੀਆਂ ਵਾਲੰਟੀਅਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦੇ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਹੈ। ਇਸ ਕਰ ਕੇ ਉਨ੍ਹਾਂ ਵਿਚ ਸਰਕਾਰ ਪ੍ਰਤੀ ਭਾਰੀ ਗੁੱਸਾ ਫੈਲ ਗਿਆ ਹੈ।