ਸਥਾਨਕ ਵਾਸੀਆਂ ਵੱਲੋਂ ਸੜਕ ਬਣਾਉਣ ਲਈ ਮਾੜੇ ਪੱਧਰ ਦਾ ਮਟੀਰੀਅਲ ਵਰਤਣ ਦਾ ਦੋਸ਼
ਪੱਤਰ ਪ੍ਰੇਰਕ
ਤਰਨ ਤਾਰਨ, 12 ਸਤੰਬਰ
ਕੋਈ ਇਕ ਹਫਤਾ ਪਹਿਲਾਂ ਬਣਾਈ ਤਰਨ ਤਾਰਨ ਦੀ ਜੰਡਿਆਲਾ ਰੋਡ ਟੁੱਟਣੀ ਸ਼ੁਰੂ ਹੋ ਗਈ ਹੈ| ਇਸ ਸੜਕ ਦੀ ਹਾਲਤ ਬੀਤੇ ਪੰਜ ਸਾਲਾਂ ਤੋਂ ਬਦ ਤੋਂ ਬਦਤਰ ਹੋਈ ਜਾ ਰਹੀ ਸੀ ਜਿਸ ਕਰਕੇ ਲੋਕ ਲਗਾਤਾਰ ਅਧਿਕਾਰੀਆਂ ਨੂੰ ਇਸ ਸੜਕ ਦੀ ਬਿਨਾਂ ਦੇਰੀ ਦੇ ਮੁਰੰਮਤ ਕੀਤੇ ਜਾਣ ਦੀਆਂ ਬੇਨਤੀਆਂ ਕਰਦੇ ਆ ਰਹੇ ਸਨ। ਇਸ ਕੁਝ ਦਾ ਧਿਆਨ ਰੱਖਦਿਆਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਐਨ ਸਿਰ ’ਤੇ ਆਉਣ ਕਰਕੇ ਵਿਕਾਸ ਦੇ ਕੰਮਾਂ ਨੂੰ ਗਤੀ ਦੇਣ ਲਈ ਸ਼ਹਿਰ ਦੀ ਨਗਰ ਕੌਂਸਲ ਵਲੋਂ ਕੋਈ ਇਕ ਹਫ਼ਤਾ ਪਹਿਲਾਂ ਹੀ ਇਸ ਸੜਕ ਦੀ ਮੁਰੰਮਤ ਕੀਤੀ ਗਈ ਸੀ। ਜਿਹੜੀ ਅੱਜ ਕਈ ਥਾਵਾਂ ਤੋਂ ਟੁੱਟ ਵੀ ਗਈ। ਜੰਡਿਆਲਾ ਰੋਡ ਤੇ ਸਥਿਤ ਗਾਰਮੈਂਟ ਵਾਲੀ ਗਲੀ ਦੇ ਵਾਸੀ ਜਸਪਾਲ ਸ਼ਰਮਾ ਨੇ ਦੋਸ਼ ਲਾਇਆ ਕਿ ਸੜਕ ਬਣਾਉਣ ਲਈ ਬਿਲਕੁਲ ਨਿਕੰਮੇ ਪੱਧਰ ਦਾ ਮਟੀਰੀਅਲ ਵਰਤਿਆ ਗਿਆ ਅਤੇ ਸੜਕ ਦੀ ਮੁਰੰਮਤ ਲਈ ਪ੍ਰੀਮਿਕਸ ਦੀ ਬਹੁਤ ਪਤਲੀ ਲੇਅਰ ਪਾਈ ਗਈ ਹੈ। ਮੀਂਹ ਆਉਣ ’ਤੇ ਸੜਕ ਕਈ ਥਾਵਾਂ ਤੋਂ ਟੁੱਟ ਗਈ ਹੈ। ਇਸ ਸੜਕ ਦਾ ਕੰਮ ਕਰਨ ਲੱਗਿਆ ਅਧਿਕਾਰੀਆਂ ਨੇ ਪ੍ਰੀਮਿਕਸ ਨੂੰ ਪੱਧਰਾ ਕਰਨ ਦਾ ਵੀ ਖਿਆਲ ਨਹੀਂ ਕੀਤਾ। ਸੜਕ ’ਤੇ ਜਾਂਦਿਆਂ ਇਹ ਨੁਕਸ ਸਪਸ਼ਟ ਦਿਖਾਈ ਦਿੰਦਾ ਹੈ। ਇਸ ਸਬੰਧੀ ਨਗਰ ਕੌਂਸਲ ਦੀ ਕਾਰਜਸਾਧਕ ਅਧਿਕਾਰੀ ਸ਼ਰਨਜੀਤ ਕੌਰ ਅਤੇ ਸਥਾਨਕ ਐੱਸਡੀਐੱਮ-ਕਮ ਨਗਰ ਕੌਂਸਲ ਦੇ ਪ੍ਰਬੰਧਕ ਰਜਨੀਸ਼ ਅਰੋੜਾ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ|
ਕੇਵਲ ਇਕ ਹਫ਼ਤਾ ਪਹਿਲਾਂ ਬਣਾਈ ਸੜਕ ਟੁੱਟ ਗਈ ਤਰਨ ਤਾਰਨ ਦੀ ਜੰਡਿਆਲਾ ਰੋਡ। -ਫੋਟੋ: ਗੁਰਬਖਸ਼ਪੁਰੀ