ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 12 ਸਤੰਬਰ
ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਦੇ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਪ੍ਰਧਾਨ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਦੀ ਅਗਵਾਈ ਹੇਠ ਇਕੱਤਰ ਹੋ ਕੇ ਰੇਲਵੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਪ੍ਰਧਾਨ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਡੇਰਾ ਬਾਬਾ ਨਾਨਕ ਤੋਂ ਲੈ ਕੇ ਫਤਹਿਗੜ੍ਹ ਚੂੜੀਆਂ ਅਤੇ ਅੰਮ੍ਰਿਤਸਰ ਨੂੰ ਜਾਂਦੀ ਰੇਲਵੇ ਲਾਈਨ ’ਤੇ ਕੋਟਲਾ ਗੁੱਜਰਾਂ ਨੇੜੇ ਪਹਿਲਾਂ ਫਾਟਕ ਬਣਿਆ ਹੋਇਆ ਸੀ। ਪਿਛਲੇ ਸਮੇਂ ਰੇਲਵੇ ਵਿਭਾਗ ਵੱਲੋਂ ਰੇਲਵੇ ਲਾਈਨ ਦੇ ਹੇਠੋਂ 30 ਫੁੱਟ ਦੀ ਡੂੰਘਾਈ ’ਤੇ ਪੁਲ ਬਣਾਇਆ ਗਿਆ ਸੀ। ਇਸ ਵਿੱਚ ਪਾਣੀ ਨੂੰ ਜਜ਼ਬ ਕਰਨ ਲਈ ਚਾਰ ਬੋਰ ਵੀ ਕੀਤੇ ਗਏ ਸਨ, ਪਰ ਕੱਲ੍ਹ ਤੋਂ ਇਲਾਕੇ ਵਿੱਚ ਪੈ ਰਹੇ ਮੀਂਹ ਕਾਰਨ ਪੁਲ ਹੇਠਾਂ 6-7 ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ। ਇਸ ਨਾਲ ਪਿੰਡ ਦੇ ਲੋਕਾਂ ਨੂੰ ਆਵਾਜਾਈ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਰੇਲਵੇ ਵਿਭਾਗ ਤੇ ਪੰਜਾਬ ਸਰਕਾਰ ਤੋਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ। ਇਸ ਮੌਕੇ ਪਵਨਦੀਪ ਸਿੰਘ, ਸਕੱਤਰ ਸਿੰਘ ਫੌਜੀ, ਹਰਭਜਨ ਸਿੰਘ, ਇੰਦਰਬੀਰ ਸਿੰਘ ਭੁੱਲਰ, ਸੁਖਜਿੰਦਰ ਸਿੰਘ ਭੁੱਲਰ, ਰਣਬੀਰ ਸਿੰਘ ਰਾਣਾ, ਦੀਪਕ ਸ਼ੇਰਗਿੱਲ, ਹਰਮਨ ਸਿੰਘ, ਵਿਸ਼ਾਲ ਸਿੰਘ, ਤਾਜ ਸਿੰਘ, ਜਸ਼ਨ ਭੁੱਲਰ ਤੇ ਆਗਿਆਪਾਲ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।