ਜਸਬੀਰ ਸਿੰਘ ਚਾਨਾ
ਫਗਵਾੜਾ, 4 ਫਰਵਰੀ
ਇੱਥੋਂ ਦੇ ਸੀਆਈਏ ਸਟਾਫ਼ ਨੇ ਹਦੀਆਬਾਦ ਇਲਾਕੇ ’ਚ ਪੈਂਦੇ ਮਾਨਾਵਾਲੀ ਗੇਟ ਲਾਗਿਓਂ 10 ਜਣਿਆਂ ਨੂੰ ਤੇਜ਼ਧਾਰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਅੱਧੀ ਦਰਜਨ ਤੋਂ ਵੱਧ ਬੰਦੇ ਭੱਜਣ ’ਚ ਸਫ਼ਲ ਹੋ ਗਏ ਹਨ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ।
ਸੀਆਈਏ ਸਟਾਫ ਦੇ ਇੰਚਾਰਜ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਰਹਿੰਦੇ ਨੌਜਵਾਨ ਗਰੋਹ ਬਣਾ ਕੇ ਲੁੱਟਾ ਖੋਹਾਂ ਕਰਦੇ ਹਨ। ਇਹ ਹਵੇਲੀ ਸੰਦੀਪ ਤੇ ਡੇਵਿਡ ਨਾਮੀ ਨੌਜਵਾਨਾਂ ਦੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ 10 ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅੰਦਰ ਪਿਟਬੁੱਲ ਕੁੱਤੇ ਰੱਖੇ ਹੋਣ ਕਾਰਨ ਅੱਧੀ ਦਰਜਨ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਮੁਲਜ਼ਮਾਂ ਕੋਲੋਂ ਪੁਲੀਸ ਨੇ ਖੰਡੇ, ਦਾਤਰ, ਟੋਕੇ ਤੇ ਕਿਰਪਾਨਾਂ ਆਦਿ ਸਣੇ ਦੋ ਦਰਜਨ ਦੇ ਕਰੀਬ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਅੰਕੁਸ਼ ਵੜੈਚ, ਜਸਵੀਰ ਸਿੰਘ, ਸੰਦੀਪਤ, ਅਵੀ ਸੇਠੀ, ਅਵਿਸ਼ੇਕ ਡੋਨੀ, ਪ੍ਰੇਮ, ਦੀਪਕ ਕੁਮਾਰ, ਸਤੀਸ਼ ਕੁਮਾਰ, ਸੰਜੀਵ ਸੇਠੀ, ਆਤਿਸ਼ ਸੁਮਨ, ਗੌਰਵ ਬਸਰਾ, ਮੋਹਿਤ ਗੰਜਾ, ਡੇਵਿਡ, ਪਾਦਾ, ਹਿਮਾਂਸ਼ੂ, ਅਮਨਦੀਪ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ’ਚੋਂ ਗੌਰਵ ਬਸਰਾ, ਮੋਹਿਤ ਗੰਜਾ, ਡੇਵਿਡ, ਪਾਦਾ, ਹਿਮਾਂਸ਼ੂ, ਅਮਨਦੀਪ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਇਨ੍ਹਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗਰੋਹ ਦਾ ਮੁੱਖ ਸਰਗਣਾ ਸੰਦੀਪਤ ਡੇਵਿਡ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇ ਮਾਰ ਰਹੀ ਹੈ, ਜਲਦ ਹੀ ਕਾਬੂ ਕਰ ਲਿਆ ਜਾਵੇਗਾ।