ਪਾਲ ਸਿੰਘ ਨੌਲੀ
ਜਲੰਧਰ, 21 ਮਈ
ਕਰੋਨਾ ਮਹਾਮਾਰੀ ਤੋਂ ਬਾਅਦ ਸ਼ਹਿਰ ਵਿੱਚ ਕਾਲੀ ਫੰਗਸ ਬਿਮਾਰੀ ਵੀ ਫੈਲਣੀ ਸ਼ੁਰੂ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਲੰਧਰ ਵਿੱਚ ਅਜਿਹੇ 25 ਮਰੀਜ਼ਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜੋ ਕਿ ਕਾਲੀ ਫੰਗਸ ਤੋਂ ਪੀੜਤ ਹਨ। ਇਹ ਮਰੀਜ਼ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਹਨ। ਇਸ ਤੋਂ ਇਲਾਵਾ ਦਰਜਨ ਤੋਂ ਵੱਧ ਅਜਿਹੇ ਮਰੀਜ਼ ਵੀ ਹਨ ਜਿਨ੍ਹਾਂ ਵਿਚ ਕਾਲੀ ਫੰਗਸ ਵਰਗੇ ਲੱਛਣ ਪਾਏ ਜਾ ਰਹੇ ਹਨ। ਇਸ ਦੀ ਦਵਾਈ ਦੀ ਵੀ ਜ਼ਬਰਦਸਤ ਘਾਟ ਪਾਈ ਜਾ ਰਹੀ ਹੈ। ਲੋਕ ਦਵਾਈ ਲੈਣ ਲਈ ਕੰਪਨੀਆਂ ਤੱਕ ਸਿੱਧੀ ਪਹੁੰਚ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਤੋਂ ਜ਼ਿਲ੍ਹਾਵਾਰ ਰਿਪੋਰਟ ਮੰਗੀ ਸੀ ਕਿ ਕਾਲੀ ਫੰਗਸ ਦੇ ਮਰੀਜ਼ਾਂ ਅਤੇ ਸ਼ੱਕੀ ਮਰੀਜ਼ਾਂ ਦਾ ਵੇਰਵਾ ਦਿੱਤਾ ਜਾਵੇ। ਜ਼ਿਲ੍ਹਾ ਸਿਹਤ ਅਫਸਰਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ 25 ਜਣਿਆਂ ਨੂੰ ਕਾਲੀ ਫੰਗਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਪਰ ਇਸ ਬਾਰੇ ਅਧਿਕਾਰਤ ਤੌਰ ’ਤੇ ਕੋਈ ਸਿਹਤ ਅਧਿਕਾਰੀ ਦੱਸ ਨਹੀਂ ਰਿਹਾ। ਇਸੇ ਦੌਰਾਨ ਨਿੱਜੀ ਹਸਪਤਾਲਾਂ ਨੇ ਆਪੋ- ਆਪਣੇ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦਾ ਵੇਰਵਾ ਸਿਹਤ ਵਿਭਾਗ ਨੂੰ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਲੰਧਰ ਦੇ ਹੀ ਫੰਗਸ ਤੋਂ ਪੀੜਤ ਦੋ ਮਰੀਜ਼ਾਂ ਦੀ ਮੌਤ ਪੀਜੀਆਈ ਚੰਡੀਗੜ੍ਹ ਵਿੱਚ ਹੋ ਗਈ ਸੀ।
ਸਿਹਤ ਵਿਭਾਗ ਨੇ ਦੱਸਿਆ ਕਿ ਸਰਕਾਰ ਵੱਲੋਂ ਕਾਲੀ ਫੰਗਸ ਬਾਰੇ ਅਜਿਹਾ ਕੋਈ ਵੇਰਵਾ ਨਹੀਂ ਮੰਗਿਆ ਗਿਆ ਸੀ ਪਰ ਨੋਟੀਫਿਕੇਸ਼ਨ ਮਿਲਣ ਸਾਰ ਹੀ ਮਰੀਜ਼ਾਂ ਬਾਰੇ ਸਾਰੇ ਹਸਪਤਾਲਾਂ ਤੋਂ ਜਾਣਕਾਰੀ ਮੰਗ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਹਸਪਤਾਲਾਂ ਵਿਚ ਕਰੋਨਾ ਦੇ ਲੈਵਲ-3 ਦੀ ਸਹੂਲਤ ਹੈ ਉਥੇ ਅਜਿਹੇ ਮਰੀਜ਼ਾਂ ਦਾ ਇਲਾਜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀਜੀਆਈ ਵਿਚ ਮਰੀਜ਼ਾਂ ਦੀ ਹੋਈ ਮੌਤ ਬਾਰੇ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ। ਹੁਣ ਇਸ ਨੂੰ ਮਹਾਮਾਰੀ ਐਲਾਨ ਦਿੱਤਾ ਗਿਆ ਹੈ ਤੇ ਸਾਰਾ ਬਿਓਰਾ ਨਵੇਂ ਸਿਰੇ ਤੋਂ ਇਕੱਠਾ ਕੀਤਾ ਜਾ ਰਿਹਾ ਹੈ।
ਤਲਵਾੜਾ (ਦੀਪਕ ਠਾਕੁਰ): ਇੱਥੇ ਨਗਰ ਪੰਚਾਇਤ ਤਲਵਾੜਾ ਦੇ ਮੁਹੱਲਾ ਦੌਸੜਕਾ ਦੀ 65 ਸਾਲਾਂ ਦੀ ਮਹਿਲਾ ਦੀ ਕਰੋਨਾ ਨਾਲ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਸੱਤਿਆ ਦੇਵੀ ਵਜੋਂ ਹੋਈ ਹੈ। ਉਹ ਲੰਘੀ 19 ਤਾਰੀਕ ਤੋਂ ਜਲੰਧਰ ਦੇ ਪ੍ਰਾਈਵੇਟ ਹਸਪਤਾਲ ’ਚ ਜ਼ੇਰੇ ਇਲਾਜ ਸੀ। ਬੀਤੀ ਰਾਤ ਉਸ ਦੀ ਮੌਤ ਹੋ ਗਈ। ਅੱਜ ਬਾਅਦ ਦੁਪਹਿਰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਤਲਵਾੜਾ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸੇ ਦੌਰਾਨ ਪੀਐੱਚਸੀ ਹਾਜੀਪੁਰ ਬਲਾਕ ਅਧੀਨ ਕੁੱਲ 26 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਇਲਾਜ ਲਈ ਨਹੀਂ ਮਿਲ ਰਹੇ ਟੀਕੇ
ਕਾਲੀ ਫੰਗਸ ਦਾ ਇੱਕ ਟੀਕਾ 5 ਹਜ਼ਾਰ ਤੋਂ ਲੈ ਕੇ 6500 ਰੁਪਏ ਦੀ ਕੀਮਤ ਤੱਕ ਦਾ ਹੈ। ਜਿਹੜਾ ਮਰੀਜ਼ ਕਾਲੀ ਫਗੰਸ ਤੋਂ ਪੀੜਤ ਹੋ ਜਾਂਦਾ ਹੈ ਉਸ ਨੂੰ ਤਿੰਨ ਟੀਕੇ ਰੋਜ਼ਾਨਾ ਲਗਾਏ ਜਾਦੇ ਹਨ। ਹੁਣ ਇਹ ਟੀਕੇ ਜਲੰਧਰ ਵਿੱਚ ਮਿਲ ਨਹੀਂ ਰਹੇ। ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਕਾਲੀ ਫੰਗਸ ਦੀ ਦਵਾਈ ਨਾ ਮਿਲਣੀ ਵੀ ਹੁਣ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ।
ਅੰਮ੍ਰਿਤਸਰ ’ਚ ਕਰੋਨਾ ਕਾਰਨ 9 ਮੌਤਾਂ; 260 ਨਵੇਂ ਕੇਸ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾਵਾਇਰਸ ਕਾਰਨ ਅੱਜ ਇਥੇ 9 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 260 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 423 ਮਰੀਜ਼ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ ਜਿਨ੍ਹਾਂ 9 ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ ਦੋ ਔਰਤਾਂ ਅਤੇ 7 ਪੁਰਸ਼ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁਣ ਤਕ 1290 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਵੇਲੇ ਜ਼ਿਲ੍ਹੇ ਵਿੱਚ ਕਰੋਨਾ ਦੇ 4425 ਐਕਟਿਵ ਕੇਸ ਹਨ। ਇਨ੍ਹਾਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਪੀੜਤ 9 ਜਣਿਆਂ ਦੀ ਮੌਤ ਹੋ ਗਈ ਹੈ ਅਤੇ 496 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਕਰੋਨਾਵਾਇਰਸ ਕਾਰਨ ਹੁਣ ਤੱਕ ਕੁੱਲ 1290 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 56,410 ਤੱਕ ਪਹੁੰਚ ਗਈ ਹੈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਇਥੇ ਅੱਜ 268 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦੋਂਕਿ 5 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 24,893 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 870 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 2441 ਕੇਸ ਐਕਟਿਵ ਹਨ ਅਤੇ 23,389 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਜਾ ਚੁੱਕੇ ਹਨ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਜ਼ਿਲ੍ਹੇ ਵਿੱਚ ਨੀਰਜ (54), ਜੋਗਿੰਦਰ ਕੌਰ (58), ਸੁਰਜੀਤ ਕੌਰ (50), ਜਾਗੀਰ ਕੌਰ (55) ਅਤੇ ਹਰਿੰਦਰ ਕੌਰ ਦੀ ਕਰੋਨਾ ਕਾਰਨ ਮੌਤ ਹੋਈ ਹੈ ਤੇ ਮੌਤਾਂ ਦੀ ਕੁੱਲ ਗਿਣਤੀ 275 ਹੋ ਗਈ ਹੈ| ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 4361 ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ| ਜ਼ਿਲ੍ਹਾ ਪੱਧਰ ਦੇ ਸਿਵਲ ਹਸਪਤਾਲ ਖਡੂਰ ਸਾਹਿਬ ਅਤੇ ਪੱਟੀ ਦੇ ਉਪ ਮੰਡਲ ਸਿਵਲ ਹਸਪਤਾਲਾਂ ਤੋਂ ਇਲਾਵਾ ਕਮਿਊਨਿਟੀ ਹੈੱਲਥ ਸੈਂਟਰ ਸੁਰਸਿੰਘ, ਸਰਹਾਲੀ, ਘਰਿਆਲਾ, ਖੇਮਕਰਨ, ਮੀਆਵਿੰਡ, ਕੈਰੋਂ, ਕਸੇਲ ਅਤੇ ਝਬਾਲ ਵਿੱਚ ਕੋਵਿਡ-19 ਦਾ ਟੈੱਸਟ ਮੁਫ਼ਤ ਕੀਤਾ ਜਾ ਰਿਹਾ ਹੈ|