ਜਸਬੀਰ ਸਿੰਘ ਚਾਨਾ
ਫਗਵਾੜਾ, 13 ਅਪਰੈਲ
ਇਥੋਂ ਦੇ ਮਹੇੜੂ ਰੋਡ ’ਤੇ ਲਾਅ ਗੇਟ ਲਾਗੇ ਇਮਾਰਤ ਉਸਾਰੀ ਦੇ ਚੱਲ ਰਹੇ ਇੱਕ ਕੰਮ ਦੌਰਾਨ ਤੀਸਰੀ ਮੰਜ਼ਲ ਲਈ ਕੀਤੀ ਪੈੜ ਅਚਾਨਕ ਟੁੱਟ ਗਈ ਜਿਸ ਕਾਰਨ ਪੈੜ ’ਤੇ ਚੜ੍ਹੇ ਤਿੰਨ ਕਾਮੇ ਹੇਠਾਂ ਡਿੱਗ ਪਏ ਤੇ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲਾਅ ਗੇਟ ਲਾਗੇ ਇੱਕ ਇਮਾਰਤ ਦੀ ਉਸਾਰੀ ਦਾ ਕੰਮ ਹਰਜੀਤ ਰਾਮ ਠੇਕੇਦਾਰ ਦਾ ਚੱਲ ਰਿਹਾ ਸੀ। ਇਸ ਦੌਰਾਨ ਕੰਮ ਕਰਨ ਲਈ ਵਿਅਕਤੀ ਉੱਪਰ ਚੜ੍ਹੇ ਹੋਏ ਸਨ ਤੇ ਅਚਾਨਕ ਇਹ ਪੈੜ ਟੁੱਟ ਗਈ ਜਿਸ ਕਾਰਨ ਇਹ ਤਿੰਨੋਂ ਵਿਅਕਤੀ ਹੇਠਾਂ ਡਿੱਗ ਪਏ ਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ ਵਿਖੇ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਬਲਬੀਰ ਚੰਦ ਪੁੱਤਰ ਗੁਰਮੇਜ ਰਾਮ ਵਾਸੀ ਮਹੇੜੂ, ਰਾਜ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਨੰਗਲ ਮੱਝਾਂ ਤੇ ਗੁਰਚੇਤਨ ਪੁੱਤਰ ਜੋਗਿੰਦਰ ਸਿੰਘ ਵਾਸੀ ਅਕਾਲਗੜ੍ਹ ਵਜੋਂ ਹੋਈ ਹੈ।
ਉੱਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸਐੱਚਓ ਸਤਨਾਮਪੁਰਾ ਹਰਜੀਤ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜ਼ਖ਼ਮੀ ਵਿਅਕਤੀਆਂ ਦਾ ਸਿਵਲ ਹਸਪਤਾਲ ਵਿਖੇ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।