ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਮਾਰਚ
ਮਹਿਲਾ ਕਿਸਾਨ ਯੂਨੀਅਨ ਨੇ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਨੂੰ ਜਨਤਾ ਨੇ ਵੱਡੀਆਂ ਉਮੀਦਾਂ ਨਾਲ ਭਾਰੀ ਬਹੁਮਤ ਦੇ ਕੇ ਸੂਬੇ ਦੀ ਵਾਂਗਡੋਰ ਸੌਂਪੀ ਹੈ। ਇਸ ਕਰ ਕੇ ਲੋਕਾਂ ਨੂੰ ਹੁਣ ਸ਼ਕਤੀ ਪ੍ਰਦਰਸ਼ਨਾਂ ਦੀ ਥਾਂ ਨਿਵੇਕਲਾ ਪ੍ਰਸ਼ਾਸਕੀ ਪ੍ਰਦਰਸ਼ਨ ਦਿਖਾਉਣ ਤਾਂ ਜੋ ਪੰਜਾਬ ਤੇ ਪੰਜਾਬੀਆਂ ਦੀ ਕੁੱਝ ਭਲਾਈ ਹੋ ਸਕੇ।
ਅੱਜ ਇੱਥੇ ਇੱਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਚੋਣਾਂ ਜਿੱਤਣ ਪਿੱਛੋਂ ਰਵਾਇਤੀ ਪਾਰਟੀਆਂ ਵਾਂਗੂ ਸ਼ਕਤੀ ਪ੍ਰਦਰਸ਼ਨਾਂ ਦੀ ਲੋੜ ਨਹੀਂ ਸਗੋਂ ਆਮ ਜਨਤਾ ਸੂਬੇ ਨੂੰ ਨਸ਼ਾਮੁਕਤ ਤੇ ਮਾਫ਼ੀਆ ਮੁਕਤੀ ਚਾਹੀਦੀ ਹੈ। ਇੱਥੇ ਨੌਜਵਾਨਾਂ ਨੂੰ ਰੁਜ਼ਗਾਰ, ਬਿਹਤਰ ਸਿੱਖਿਆ ਤੇ ਸਿਹਤ ਸਹੂਲਤਾਂ ਮਿਲਣ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਉੱਤੇ ਹੀ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਹੈ ਨਾ ਕਿ ਰਵਾਇਤੀ ਪਾਰਟੀਆਂ ਵਾਂਗ ਸ਼ਕਤੀ ਪ੍ਰਦਰਸ਼ਨਾਂ ਲਈ। ਬੀਬੀ ਰਾਜੂ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਕਰਜ਼ਈ ਬਣ ਚੁੱਕੇ ਪੰਜਾਬ ਦੀ ਵਿੱਤੀ ਹਾਲਤ ਸੁਧਾਰਨ ਲਈ ਹਰ ਤਰ੍ਹਾਂ ਦੇ ਸਰਕਾਰੀ ਖ਼ਰਚੇ ਘਟਾਉਣ ਖ਼ਾਤਰ ਪਹਿਲਾਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸਾਰੀਆਂ ਸਹੂਲਤਾਂ ਘਟਾਉਣ। ਮਹਿਲਾ ਨੇਤਾ ਨੇ ਹਰ ਪੱਧਰ ਦੇ ਨੇਤਾਵਾਂ ਤੇ ਅਧਿਕਾਰੀਆਂ ਦੀ ਸਾਰੀ ਸੁਰੱਖਿਆ ਵਾਪਸ ਲੈਣ ’ਤੇ ਜ਼ੋਰ ਦਿੱਤਾ।