ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਨਵੰਬਰ
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਅਦਾਰਾ ‘ਲਕੀਰ’ ਦੇ ਸਹਿਯੋਗ ਨਾਲ ਪੰਜ ਦਿਨਾਂ ‘ਜਲੰਧਰ ਆਰਟ ਐਂਡ ਲਿਟਰੇਚਰ ਫੈਸਟੀਵਲ’ ਕਰਵਾਇਆ ਜਾ ਰਿਹਾ ਹੈ।
ਇਹ ਫੈਸਟੀਵਲ ਪਹਿਲੀ ਤੋਂ ਪੰਜ ਦਸੰਬਰ ਤੱਕ ਦੇਸ਼ ਭਗਤ ਯਾਦਗਾਰ ਹਾਲ ’ਚ ਹੋਵੇਗਾ। ਇਹ ਸਮਾਮਗ ਰੋਜ਼ਾਨਾ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੋਇਆ ਕਰੇਗਾ। ਇਹ ਜਾਣਕਾਰੀ ਫੈਸਟੀਵਲ ਦੇ ਕਨਵੀਨਰ ਦੇਸ ਰਾਜ ਕਾਲੀ ਨੇ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ’ਚ ਉਦਘਾਟਨੀ ਸਮੇਂ ਹੀ ਪੰਜਾਬ ਦੇ ਪ੍ਰਸਿੱਧ ਕਲਾਕਾਰ/ਪੇਂਟਰ/ਬੁੱਤ ਘਾੜੇ, ਘਾਹ ਵਾਲੇ ਮੈਦਾਨ ’ਚ ਆਪਣੀ ਵਰਕਸ਼ਾਪ ਸ਼ੁਰੂ ਕਰਨਗੇ। ਇਨ੍ਹਾਂ ਕਲਾਕਾਰਾਂ ’ਚ ਵਾਸੂਦੇਵ ਵਿਸ਼ਵਾਸ, ਮੋਹਿੰਦਰ ਠੁਕਰਾਲ, ਸੁਖਵਿੰਦਰ, ਪਵਨ ਰਾਪੜੀਆ, ਅਨੁਰਾਧਾ ਅਤੇ ਕਲਾ ਵਿਦਿਆਰਥੀ ਸ਼ਾਮਲ ਹੋਣਗੇ।
ਇਸ ਦੇ ਨਾਲ ਹੀ ‘ਕਲਾ ਤੇ ਸਾਹਿਤ ਦੀ ਤਲਾਸ਼ ’ਚ’ ਗੁਰਤੇਜ ਕੋਹਾਰਵਾਲਾ ਆਪਣੇ ਵਿਚਾਰ ਰੱਖਣਗੇ। ਕਲਾ ਦੀ ਵੰਨਗੀ ਵਜੋਂ ਤਬਲਾ ਸੋਲੋ ਪਰਦੀਪ ਕੁਮਾਰ ਪੇਸ਼ ਕਰਨਗੇ। ਦੂਜੇ ਦਿਨ ‘ਪ੍ਰੀ-ਪੋਇਟਿਕ’ ਮੈਗਜ਼ੀਨ ’ਚ ਵਿਸ਼ਵ ਕਵਿਤਾ ਦੇ ਅਨੁਵਾਦ ਤੇ ਕਵੀਆਂ/ਅਨੁਵਾਦਕਾਂ ਵਿਚਾਲੇ ਗੱਲ ਦਾ ਅਨੁਭਵ ਅਤੇ ਪੰਜਾਬੀ ਕਵਿਤਾ ਦੇ ਦ੍ਰਿਸ਼ ਬਾਰੇ ਸ਼ਿਵਦੀਪ ਤੇ ਤਨਵੀਰ ਚਰਚਾ ਕਰਨਗੇ। ਤੀਜੇ ਦਿਨ ਫਿਲਮ ‘ਦਿ ਸੇਵੀਅਰ’ ਦਿਖਾਈ ਜਾਵੇਗੀ। ਚੌਥੇ ਦਿਨ ਕਵੀਆਂ ਦਾ ਗੇੜਾ ਹੋਵੇਗਾ। ਪੰਜਵਾਂ ਦਿਨ ਕੱਵਾਲੀ ਸੰਗ ਵਿਦਾਈ ਦਾ ਹੋਵੇਗਾ।