ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 21 ਅਗਸਤ
ਪਿੰਡ ਡਰੋਲੀ ਕਲਾਂ ਵਿੱਚ ਬੀਤੀ ਰਾਤ ਐੱਸਬੀਆਈ ਦੇ ਏਟੀਐੱਮ ਨੂੰ ਤੋੜ ਕੇ ਲੁਟੇਰਿਆਂ ਨੇ 6 ਲੱਖ 44 ਹਜ਼ਾਰ ਇੱਕ ਸੌ ਰੁਪਏ ਲੁੱਟ ਲਏ।ਘਟਨਾ ਨੂੰ ਅੰਜਾਮ ਦੇ ਕੇ ਲੁਟੇਰੇ ਕੈਮਰੇ ਆਦਿ ਤੋੜ ਕੇ ਫ਼ਰਾਰ ਹੋ ਗਏ।ਡੀਐੱਸਪੀ ਆਦਮਪੁਰ ਹਰਿੰਦਰ ਸਿੰਘ ਮਾਨ ਅਤੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਐੱਸਬੀਆਈ ਡਰੋਲੀ ਕਲਾਂ ਦੇ ਏਟੀਐੱਮ ਇੰਚਾਰਜ ਸੰਜੀਵ ਕੁਮਾਰ ਪੁੱਤਰ ਮਦਨ ਲਾਲ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਬੈਂਕ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਏਟੀਐੱਮ ਬੰਦ ਕੀਤਾ ਗਿਆ। ਜਦੋਂ ਉਹ ਸਵੇਰੇ ਬੈਂਕ ਆਇਆ ਤਾਂ ਦੇਖਿਆ ਕਿ ਏਟੀਐੱਮ ਦਾ ਸ਼ਟਰ ਟੁੱਟਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਸ਼ਟਰ ਦਾ ਤਾਲਾ ਤੋੜ ਕੇ ਅੰਦਰ ਲੱਗੇ ਏਟੀਐੱਮ ਤੇ ਕੈਸ਼ ਵਾਲੇ ਹਿੱਸੇ ਨੂੰ ਗੈਸ ਕਟਰ ਨਾਲ ਕੱਟਿਆ ਤੇ ਏਟੀਐੱਮ ਵਿਚ ਪਏ 6 ਲੱਖ 44 ਹਜ਼ਾਰ ਇੱਕ ਸੌ ਰੁਪਏ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਏਟੀਐੱਮ ਕੈਬਿਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋੜ ਗਏ ਅਤੇ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ। ਐੱਸਬੀਆਈ ਦੇ ਏਟੀਐੱਮ ’ਤੇ ਰਾਤ ਨੂੰ ਕੋਈ ਵੀ ਸਕਿਉਰਟੀ ਗਾਰਡ ਨਹੀਂ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਆਦਮਪੁਰ ਹਰਿੰਦਰ ਸਿੰਘ ਮਾਨ, ਐੱਸਐੱਚਓ ਹਰਜਿੰਦਰ ਸਿੰਘ, ਡੀਐੱਸਪੀਡੀ ਰਣਜੀਤ ਸਿੰਘ ਬਦੇਸਾ, ਸੀਆਈਏ ਇੰਚਾਰਜ ਜਰਨੈਲ ਸਿੰਘ, ਫਿੰਗਰ ਪ੍ਰਿੰਟ ਏਐੱਸਆਈ ਮਨੋਜ ਕੁਮਾਰ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਸਬੰਧੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਛੇਤੀ ਹੀ ਫੜੇ ਜਾਣਗੇ ਮੁਲਜ਼ਮ: ਡੀਐੱਸਪੀ
ਪਿੰਡ ਡਰੋਲੀ ਕਲਾਂ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐੱਮ ਦੀ ਲੁੱਟ ਦੇ ਸਬੰਧ ਵਿੱਚ ਜਦੋਂ ਡੀਐੱਸਪੀ ਹਰਿੰਦਰ ਸਿੰਘ ਮਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਭਰੋਸਾ ਪ੍ਰਗਟਾਇਆ ਏਟੀਐੱਮ ਲੁੱਟਣ ਵਾਲਾ ਗਰੋਹ ਛੇਤੀ ਹੀ ਫੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਜਲੰਧਰ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਵੀ ਏਟੀਐੱਮ ਦੀ ਲੁੱਟ ਇਸੇ ਢੰਗ ਨਾਲ ਕੀਤੀ ਗਈ ਸੀ ਤੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਲੁੱਟਾਂ ਵਿੱਚ ਇੱਕੋ ਹੀ ਗਰੋਹ ਦਾ ਹੱਥ ਹੋਵੇ। ਇਸ ਏਟੀਐੱਮ ’ਤੇ ਸੁਰੱਖਿਆ ਗਾਰਡ ਨਾ ਹੋਣ ਦੀ ਵੀ ਜਾਂਚ ਕੀਤੀ ਜਾਵੇਗੀ।