ਪਾਲ ਸਿੰਘ ਨੌਲੀ
ਜਲੰਧਰ, 2 ਅਪਰੈਲ
ਕਮਿਸ਼ਨਰੇਟ ਪੁਲੀਸ ਵੱਲੋਂ ਲਾਏ ਗਏ ਰਾਤ ਦੇ ਕਰਫਿਊ ਦੌਰਾਨ ਅਰਬਨ ਐਸਟੇਟ ਫੇਜ਼-1 ਵਿੱਚ ਬੀਤੀ ਰਾਤ ਦੋ ਧਿਰਾਂ ਵਿਚ ਝੜਪ ਹੋਈ। ਭਾਜਪਾ ਮੰਡਲ 12 ਦੇ ਜਨਰਲ ਸਕੱਤਰ ਦੇ ਪੁੱਤਰਾਂ ਅਤੇ ਰਾਣਾ ਜਿਊਲਰਜ਼ ਦੇ ਭਰਾਵਾਂ ਵਿਚ ਇਹ ਝੜਪ ਹੋਈ। ਇਸ ਦੌਰਾਨ ਦੋਵੇਂ ਧਿਰਾਂ ਦੇ 7 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਲੋਕਾਂ ਨੇ ਘਰ ਵਿਚ ਵੜ ਕੇ ਭੰਨਤੋੜ ਕੀਤੀ ਤੇ ਔਰਤਾਂ ਸਮੇਤ ਹੋਰ ਲੋਕਾਂ ਨੂੰ ਵੀ ਸੱਟਾਂ ਮਾਰੀਆਂ।
ਉਧਰ ਰਾਣਾ ਜਿਊਲਰਜ਼ ਦੇ ਮਾਲਕ ਸੁਸ਼ੀਲ ਰਾਣਾ ਦੇ ਪੁੱਤਰ ਇੰਦਰਜੀਤ ਰਾਣਾ ਨੇ ਦੱਸਿਆ ਕਿ ਦੇਰ ਰਾਤ ਪੌਣੇ 12 ਵਜੇ ਘਰ ਦੇ ਬਾਹਰ ਭੰਨਤੋੜ ਕਰਨ ਦੀ ਆਵਾਜ਼ ਆਈ। ਜਦੋਂ ਉਸ ਨੇ ਬਾਹਰ ਦੇਖਿਆ ਤਾਂ ਕੁਝ ਨੌਜਵਾਨ ਘਰ ਵੱਲ ਇੱਟਾਂ ਮਾਰ ਰਹੇ ਸਨ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਦੋਹਾਂ ਧਿਰਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਦਿੱਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਲੜਾਈ ਪਿੱਛੇ ਕੋਈ ਪੁਰਾਣੀ ਰੰਜਿਸ਼ ਲੱਗ ਰਹੀ ਹੈ। ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਦੋਹਾਂ ਧਿਰਾਂ ਦੇ ਜਿਹੜੇ 7 ਨੌਜਵਾਨ ਜ਼ਖਮੀ ਹੋਏ ਹਨ ਉਨ੍ਹਾਂ ਵਿੱਚੋਂ ਚਾਰ ਨੌਜਵਾਨਾਂ ਦੇ ਜ਼ਖਮਾਂ ਨੂੰ ਠੀਕ ਕਰਨ ਲਈ ਟਾਂਕੇ ਵੀ ਲਾਉਣੇ ਪਏ। ਪੁਲੀਸ ਨੇ ਇਲਾਕੇ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਤੇ ਲੜਾਈ-ਝਗੜੇ ਤੋਂ ਬਚਣ ਦੀ ਨਸੀਹਤ ਦਿੱਤੀ ਹੈ।