ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਅਗਸਤ
ਸੂਬਾ ਸਰਕਾਰ ਨੇ ਕਰਜ਼ਾ ਰਾਹਤ ਸਕੀਮ ਦੇ ਪੰਜਵੇਂ ਪੜਾਅ ਤਹਿਤ ਵੱਡੀ ਰਾਹਤ ਦਿੰਦਿਆਂ ਜ਼ਿਲ੍ਹੇ ਦੇ 41,308 ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 78.48 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਵਿਧਾਇਕ ਸੁਰਿੰਦਰ ਚੌਧਰੀ, ਮੇਅਰ ਜਗਦੀਸ਼ ਰਾਜਾ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਵਰਚੁਅਲ ਸਮਾਗਮ ਵਿੱਚ ਹਿੱਸਾ ਲੈਂਦਿਆਂ ਲਾਭਪਾਤਰੀਆਂ ਨੂੰ ਚੈੱਕ ਵੰਡ ਕੇ ਜਲੰਧਰ ਵਿੱਚ ਇਸ ਯੋਜਨਾ ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 41,308 ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 78.48 ਕਰੋੜ ਦਾ ਬਕਾਇਆ ਕਰਜ਼ਾ ਮੁਆਫ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਮੂਲ ਕਰਜ਼ਾ ਰਾਸ਼ੀ ਵਜੋਂ 64.22 ਕਰੋੜ ਰੁਪਏ ਅਤੇ ਵਿਆਜ ਦੀ ਰਾਸ਼ੀ ਵਜੋਂ 14.25 ਕਰੋੜ ਰੁਪਏ ਮੁਆਫ਼ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 78.48 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ ਨਕੋਦਰ, ਸ਼ਾਹਕੋਟ, ਫਿਲੌਰ, ਆਦਮਪੁਰ, ਕਰਤਾਰਪੁਰ, ਜਲੰਧਰ ਛਾਉਣੀ, ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਲਾਭਪਾਤਰੀਆਂ ਨੂੰ ਇਸ ਪੰਜਵੇਂ ਪੜਾਅ ਤਹਿਤ ਲਾਭ ਪ੍ਰਾਪਤ ਹੋਏ ਹਨ। ਇਸ ਦੌਰਾਨ ਵਿਧਾਇਕ, ਮੇਅਰ ਅਤੇ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ ’ਤੇ ਹਰੇਕ ਵਿਧਾਨ ਸਭਾ ਹਲਕੇ ਤੋਂ ਆਏ ਲਾਭਪਾਤਰੀਆਂ ਨੂੰ ਚੈੱਕ ਸੌਂਪਦਿਆਂ ਸੰਕੇਤਕ ਸ਼ੁਰੂਆਤ ਕੀਤੀ। ਇਸ ਮੌਕੇ ੂ ਸੁਖਵਿੰਦਰ ਸਿੰਘ ਲਾਲੀ, ਕੌਂਸਲਰ ਜਸਲੀਨ ਸੇਠੀ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਡਾ. ਜਗਜੀਤ ਸਿੰਘ, ਜ਼ਿਲ੍ਹਾ ਮੈਨੇਜਰ ਸਤਨਾਮ ਸਿੰਘ ਪੱਡਾ ਅਤੇ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਵੀ ਮੌਜੂਦ ਸਨ।