ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਅਕਤੂਬਰ
ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਅੱਜ ਇੱਥੇ ਮਾਡਲ ਟਾਊਨ ਦੇ ਗੁਰਦੁਆਰਾ ਸਿੰਘ ਸਭਾ ਤੋ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਕਈਆਂ ਦੇ ਹੱਥਾਂ ਵਿੱਚ ਤਖਤੀਆਂ ਵੀ ਫੜੀਆਂ ਹੋਈਆ ਸਨ ਜਿਸ `ਤੇ ਮਨੁੱਖੀ ਅਧਿਕਾਰੀਆਂ ਦੀ ਗੱਲ ਨੂੰ ਬੜੇ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਸੀ। ਮੋਮਬੱਤੀ ਮਾਰਚ ਵਿੱਚ ਔਰਤਾਂ ਤੇ ਬੱਚੇ ਵੂ ਸ਼ਾਮਲ ਸਨ ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕਰ ਰਹੇ ਸਨ। ਜੱਥੇਬੰਦੀ ਦੀ ਪ੍ਰਧਾਨ ਜਸਵਿੰਦਰ ਕੌਰ ਸੋਹਲ ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਿਰਫ ਸਿੱਖਾਂ ਦਾ ਨਿੱਜੀ ਮੁੱਦਾ ਨਹੀਂ ਹੈ। ਇਹ ਸਿੱਧੇ ਤੌਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਇਸ ਲਈ ਸਾਰਿਆਂ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਧਰਮ ਨੂੰ ਅਪਣਾਉਣਾ ਚਾਹੀਦਾ ਹੈ। ਇਹ ਮਾਰਚ ਮਾਡਲ ਟਾਊਨ ਦੀ ਮਾਰਕੀਟ ਵਿੱਚੋਂ ਜਦੋਂ ਲੰਘ ਰਿਹਾ ਸੀ ਤਾਂ ਇਹ ਲੋਕਾਂ ਦਾ ਧਿਆਨ ਕੇਂਦਰਿਤ ਵੀ ਕਰ ਰਿਹਾ ਸੀ ਤੇ ਮਾਰਚ ਵਿੱਚ ਸ਼ਾਮਲ ਲੋਕਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ਨੂੰ ਸੜਕਾਂ ਅਤੇ ਘਰਾਂ ਦੀਆਂ ਛੱਤਾਂ ਦੇ ਚੜ੍ਹੇ ਲੋਕ ਪੜ੍ਹ ਰਹੇ ਸਨ।
ਉਨ੍ਹਾਂ ਕਿਹਾ ਕਿ ਅੱਜ ਸਭ ਨੂੰ ਇੱਕ ਆਵਾਜ਼ ਬਣ ਕੇ ਮਨੁੱਖਤਾ ਲਈ ਅਪੀਲ ਕਰਨੀ ਚਾਹੀਦੀ ਹੈ ਕਿ ਜਿਹੜੇ ਵੀਰਾਂ ਨੂੰ ਕਾਨੂੰਨ ਨੇ ਸਜ਼ਾਵਾਂ ਦਿੱਤੀਆਂ ਸਨ ਤੇ ਉਹ ਪੂਰੀਆਂ ਵੀ ਕਰ ਚੁੱਕੇ ਹਨ। ਇੱਥੋਂ ਤੱਕ ਕਈਆਂ ਨੇ ਤਾਂ ਮਿਲੀਆਂ ਹੋਈਆਂ ਆਪਣੀ ਸਜ਼ਾਵਾਂ ਦੋ-ਦੋ ਵਾਰੀ ਪੂਰੀਆਂ ਕਰ ਲਈਆਂ ਹਨ। ਜਸਵਿੰਦਰ ਕੌਰ ਸੋਹਲ ਨੇ ਸਵਾਲ ਖੜ੍ਹਾ ਕੀਤਾ ਕਿ ਦੋ ਵਾਰ ਤੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾ ਕਰਨ ਵਿੱਚ ਕਿਹੜੀ ਗੱਲ ਅੜਿੱਕਾ ਬਣ ਰਹੀ ਹੈ?
ਭਾਰਤੀ ਸੰਵਿਧਾਨ ਅਨੁਸਾਰ ਜਦੋਂ ਕਿਸੇ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਰਿਹਾਈ ਉਸ ਦਾ ਮਨੁੱਖੀ ਅਧਿਕਾਰ ਹੈ। ਇਸ ਮੌਕੇ ਯੂਥ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਰਾਜਪਾਲ ਸਮੇਤ ਹੋਰ ਬਹੁਤ ਸਾਰੇ ਕਾਰਕੁੰਨ ਹਾਜ਼ਰ ਸਨ।