ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਕਤੂਬਰ
ਵੱਖ ਵੱਖ ਥਾਵਾਂ ’ਤੇ ਹੋਏ ਲੜਾਈ ਝਗੜਿਆਂ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਨੇ 32 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 2 ਦੇ ਇਲਾਕੇ ਗਣੇਸ਼ ਨਗਰ ਮਾਰਕੀਟ ਜਨਕਪੁਰੀ ਵਿੱੱਚ ਇੱਕ ਐਕਟਿਵਾ ਸਕੂਟਰ ਅਤੇ ਇੱਕ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਇੱਕ ਢਾਬੇ ਦੇ ਮੁਲਾਜ਼ਮ ਅਸਲਮ ਵਾਸੀ ਮੁਹੱਲਾ ਗੁਰਗੋਬਿੰਦ ਨਗਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲੀਸ ਨੇ ਹਿੰਮਤ ਸਿੰਘ ਵਾਸੀ ਇਸਲਾਮ ਗੰਜ, ਸ਼ੈਮਪੀ ਸਿੰਘ ਵਾਸੀ ਫੀਲਡ ਗੰਜ ਤੇ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਡਾਬਾ ਦੀ ਪੁਲੀਸ ਨੂੰ ਨਿਊ ਅਜਾਦ ਨਗਰ ਵਾਸੀ ਸੰਨੀ ਕੁਮਾਰ ਨੇ ਦੱਸਿਆ ਕਿ ਉਹ ਸੈਰ ਕਰਦਾ ਆ ਰਿਹਾ ਸੀ ਤਾਂ ਬਾਪੂ ਮਾਰਕੀਟ ਰੋਡ ਵੱਲੋਂ ਤਿੰਨ ਮੋਟਰਸਾਈਕਲਾਂ ’ਤੇ 6 ਅਣਪਛਾਤੇ ਵਿਅਕਤੀ ਆਏ ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕਰਕੇ ਫ਼ਰਾਰ ਹੋ ਗਏ। ਥਾਣਾ ਪੀਏਯੂ ਦੇ ਇਲਾਕੇ ਪਿੰਡ ਇਯਾਲੀ ਖ਼ੁਰਦ ਵਿੱੱਚ ਬੈਕ ਸਾਇਡ ਕਾਲੀ ਮਾਤਾ ਮੰਦਰ ਰਿਸ਼ੀ ਨਗਰ ਵਾਸੀ ਸੰਦੀਪ ਕੁਮਾਰ ਆਪਣੇ ਭਰਾ ਸ਼ਿਵ ਕੁਮਾਰ ਦੀ ਲੜਕੀ ਦੇ ਜਨਮ ਦਿਨ ਸਬੰਧੀ ਪਿੰਡ ਇਯਾਲੀ ਖੁਰਦ ਵਿੱਚ ਗਿਆ ਸੀ ਤਾਂ ਬਿੱਲਾ ਅਤੇ ਹੈਪੀ ਵਾਸੀ ਬਲੋਕੀ, ਹਰਮਨ ਅਤੇ ਰੋਹਿਤ ਨੇ ਸ਼ਿਵ ਕੁਮਾਰ ਦੇ ਲੜਕੇ ਵਰੁਣ ਨਾਲ ਗਾਲੀ ਗਲੋਚ ਕੀਤੀ ਅਤੇ ਉਨ੍ਹਾਂ ਨੂੰ ਰੋਕਣ ਤੇ ਰੋਹਿਤ ਨੇ 10-12 ਅਣਪਛਾਤੇ ਲੜਕਿਆਂ ਨੂੰ ਬੁਲਾ ਕੇ ਸੰਦੀਪ ਕੁਮਾਰ ਅਤੇ ਪਿਤਾ ਮੇਹਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ। ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਮੁਹੱਲਾ ਬਿਹਾਰੀ ਕਲੋਨੀ ਆਰਕੇ ਰੋਡ ਵਾਸੀ ਕੇਸ਼ਲ ਕੁਮਾਰ ਨੇ ਦੱਸਿਆ ਹੈ ਕਿ ਉਸ ਦੇ ਸਾਲੇ ਸਚਿਨ ਨੇ ਆਪਣੇ ਸਾਥੀਆਂ ਨਾਲ ਉਸ ਦੀ ਕੁੱਟਮਾਰ ਕੀਤੀ ।