ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਜੂਨ
ਈਸਾਈ ਭਾਈਚਾਰੇ ਦੇ ਇੱਕ ਵਫ਼ਦ ਨੇ ਕੈਥੋਲਿਕ ਯੂਨੀਅਨ ਪੰਜਾਬ ਦੇ ਕਨਵੀਨਰ ਯੂਨਸ ਪੀਟਰ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸਾਈ ਭਾਈਚਾਰੇ ਦੀ ਸਾਂਝੀ ਮਲਕੀਤ (ਚਰਚਾਂ ਦੀ ਜਾਇਦਾਦ) ਦੇ ਵੱਡੇ ਹਿੱਸੇ ’ਤੇ ਮਾਫ਼ੀਆ ਕਾਬਜ਼ ਹੋ ਗਿਆ ਹੈ। ਮੰਗ ਪੱਤਰ ’ਚ ਦੱਸਿਆ ਕਿ ਚਰਚਾਂ ’ਚ ਅਪਰਾਧੀ ਪਿਛੋਕੜ ਵਾਲੇ ਘੁਸਪੈਠ ਕਰ ਗਏ ਹਨ। ਅਜਿਹੇ ਅਨਸਰਾਂ ਵੱਲੋਂ ਭਾਈਚਾਰੇ ਦੀਆਂ ਸਾਂਝੀਆਂ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਦੀ ਜਾਂਚ ਜੱਜ ਤੋਂ ਕਰਵਾਉਣ ਲਈ ਕਮਿਸ਼ਨ ਨਿਯੁਕਤ ਕੀਤਾ ਜਾਵੇ।
ਯਾਦ ਰਹੇ ਕਿ ਪਿਛਲੇ ਦਿਨੀਂ ਪੰਜਾਬ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੇਰਲਾ ਦੀ ਇੱਕ ਅਦਾਲਤ ਨੇ ਝੂਠੇ ਕੇਸ ’ਚੋਂ ਮੁਕਤ ਕਰ ਦਿੱਤਾ ਸੀ। ਅਦਾਲਤ ਦੇ ਫ਼ੈਸਲੇ ਨੂੰ ਵੈਟੀਕਨ ਵੱਲੋਂ ਸਵੀਕਾਰ ਕੀਤੇ ਜਾਣ ਦਾ ਐਲਾਨ ਪੋਪ ਦੇ ਭਾਰਤ ’ਚ ਨੁਮਾਇੰਦੇ ਨੇ ਖ਼ੁਦ ਜਲੰਧਰ ਪਹੁੰਚ ਕੇ ਕੀਤਾ ਸੀ। ਇਸਾਈ ਭਾਈਚਾਰੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਬਿਸ਼ਪ ਫਰੈਂਕੋ ਨੂੰ ਕਰੇਲਾ ਤੋਂ ਪੰਜਾਬ ਲਿਆਂਦਾ ਜਾਵੇ ਕਿਉਂਕਿ ਉਹ ਸਾਰੇ ਦੋਸ਼ਾਂ ਤੋਂ ਮੁਕਤ ਹੋ ਚੁੱਕੇ ਹਨ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਭਰ ਵਿੱਚ 16 ਤੋਂ 26 ਜੂਨ ਤੱਕ ਪਿੰਡਾਂ ’ਚ ਕਰਵਾਏ ਜਾ ਰਹੇ ਗ੍ਰਾਮ ਸਭਾਵਾਂ ਦੇ ਅਜਲਾਸਾਂ ਵਿੱਚ ਮੁਰਦੇ ਦਫ਼ਨਾਉਣ ਲਈ ਕਬਰਿਸਤਾਨਾਂ ਲਈ ਜ਼ਮੀਨ ਦੇਣ ਲਈ ਮਤੇ ਪਾਸ ਕੀਤੇ ਜਾਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਵੇਨੂ ਪ੍ਰਸ਼ਾਦ ਨੇ ਵਫ਼ਦ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।