ਪੱਤਰ ਪ੍ਰੇਰਕ
ਫਗਵਾੜਾ, 13 ਅਗਸਤ
ਇੱਕ ਕਾਰ ਚਾਲਕ ਨੂੰ ਗੱਡੀ ’ਚ ਹੀ ਬੰਦੀ ਬਣਾ ਕੇ ਉਸ ਪਾਸੋਂ ਨਕਦੀ, ਗਹਿਣੇ, ਮੋਬਾਈਲ ਤੇ ਹੋਰ ਸਾਮਾਨ ਖੋਹ ਕੇ ਲੈ ਜਾਣ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 115 (2), 140 (3), 307, 3 (5) ਤਹਿਤ ਕੇਸ ਦਰਜ ਕੀਤਾ ਹੈ।
ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਸ਼ਾਲ ਨਈਅਰ ਵਾਸੀ ਗੁਰੂ ਰਾਮਦਾਸ ਐਨਕਲੇਵ ਜਲੰਧਰ, ਜੋ ਜੈਨਰੇਟਰਾਂ ਦਾ ਕੰਮ ਕਰਦਾ ਹੈ ਅਤੇ 11 ਅਗਸਤ ਨੂੰ ਉਹ ਜੈਨਰੇਟਰ ਚੈੱਕ ਕਰਨ ਲਈ ਫਗਵਾੜਾ ਆਇਆ ਸੀ। ਜਦੋਂ ਉਹ ਸਿਵਲ ਹਸਪਤਾਲ ਫਗਵਾੜਾ ਪੁਲ ਸੰਤੋਖਪੁਰਾ ਵਾਲੇ ਫਾਟਕ ਤੋਂ ਆਪਣੀ ਗੱਡੀ ਰੋਕ ਕੇ ਸਿਗਰਟ ਲੈਣ ਲਈ ਰੁਕਿਆ ਤਾਂ ਅਚਾਨਕ ਦੋ ਵਿਅਕਤੀ ਉਸ ਦੀ ਗੱਡੀ ’ਚ ਦਾਖ਼ਲ ਹੋਏ ਤੇ ਉਸ ਨੂੰ ਧੱਕਾ ਮਾਰ ਕੇ ਗੱਡੀ ਦੀ ਪਿਛਲੀ ਸੀਟ ’ਤੇ ਬਿਠਾ ਦਿੱਤਾ। ਇਨ੍ਹਾਂ ’ਚੋਂ ਇੱਕ ਵਿਅਕਤੀ ਨੇ ਗੱਡੀ ਸਟਰਾਰਟ ਕੀਤੀ ਤੇ ਦੂਸਰਾ ਉਸ ਦੀ ਪਿਛਲੀ ਸੀਟ ’ਤੇ ਬੈਠ ਗਿਆ ਤੇ ਇਨ੍ਹਾਂ ਗੱਡੀ ਸੰਤੋਖਪੁਰਾ ਫਾਟਕ ਕਰਾਸ ਕਰਕੇ ਰੋਕ ਲਈ ਤੇ ਉਸ ਨੂੰ ਪਲਾਹੀ ਰੋਡ ਦੀ ਲਿੰਕ ਰੋਡ ’ਤੇ ਲੈ ਗਏ ਜਿਥੇ ਉਨ੍ਹਾਂ ਉਸ ਦੀ ਜੇਬ ’ਚੋਂ 20 ਹਜ਼ਾਰ ਰੁਪਏ, ਇੱਕ ਸੋਨੇ ਦਾ ਦੋ ਤੋਲੇ ਦਾ ਕੜਾ, ਉਸਦੀ ਪਤਨੀ ਦੀਆਂ ਝਾਂਜਰਾਂ, ਮੋਬਾਈਲ ਫ਼ੋਨ ਖੋਹ ਲਿਆ ਤੇ ਫ਼ਰਾਰ ਹੋ ਗਏ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।