ਪੱਤਰ ਪ੍ਰੇਰਕ
ਹੁਸ਼ਿਆਰਪੁਰ, 21 ਜੂਨ
ਲੋਕਾਂ ਲਈ ਸਾਫ਼-ਸੁਥਰੇ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਯਕੀਨੀ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿੱਚ ਵਿਭਾਗ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਖਾਣ-ਪੀਣ ਵਾਲੇ ਪਦਾਰਥਾਂ ਦੇ ਨਮੂਨੇ ਲਏ ਗਏ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਅੱਜ ਰਾਮ ਦਾਸ ਦੀ ਹੱਟੀ ਰੇਲਵੇ ਰੋਡ ਤੋਂ ਮਿਕਸ ਪਕੌੜਾ, ਛੋਲਿਆਂ ਦੀ ਦਾਲ ਅਤੇ ਪੰਜਾਬ ਘਿਓ ਸਟੋਰ ਰੇਲਵੇ ਰੋਡ ਤੋਂ ਦੇਸੀ ਘਿਓ, ਵੇਰਕਾ ਦੁੱਧ ਤੇ ਦਹੀਂ ਦੇ ਨਮੂਨੇ ਲਏ ਗਏ। ਉਨ੍ਹਾਂ ਦੱਸਿਆ ਕਿ ਹੌਟਮ ਹੌਟ, ਸ਼ਿਮਲਾ ਪਹਾੜੀ ਤੋਂ ਪਨੀਰ ਅਤੇ ਬਣੀ ਹੋਈ ਦਾਲ ਦੇ ਨਮੂਨੇ ਲਏ ਗਏ। ਇਸੇ ਤਰ੍ਹਾਂ ਪੰਜਾਬ ਐਗਰੋ ਜੂਸਜ਼ ਲਿਮਟਡ ਤੋਂ ਲੀਚੀ, ਅਮਰੂਦ ਅਤੇ ਅੰਬ ਦੇ ਜੂਸ ਦੇ ਨਮੂਨੇ ਲਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਮੂਨਿਆਂ ਨੂੰ ਅਗਲੇਰੀ ਕਾਰਵਾਈ ਲਈ ਸਟੇਟ ਫੂਡ ਟੈਸਟਿੰਗ ਲੈਬ ਖਰੜ ਵਿੱਚ ਭੇਜਿਆ ਜਾ ਰਿਹਾ ਹੈ ਜਿੱਥੋਂ 2 ਤੋਂ 3 ਹਫਤਿਆਂ ਵਿੱਚ ਰਿਪੋਰਟ ਆਵੇਗੀ। ਡਾ. ਲਖਵੀਰ ਸਿੰਘ ਨੇ ਖਾਣ-ਪੀਣ ਵਾਲੇ ਪਦਾਰਥ ਬਣਾਉਣ ਅਤੇ ਤਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ ਦੀ ਪੂਰੀ ਤਰ੍ਹਾਂ ਪਾਲਣਾ ਨੂੰ ਯਕੀਨੀ ਬਣਾਉਣ।