ਭੋਗਪੁਰ: ਪੰਚਕੂਲਾ ਵਿੱਚ ਅੰਤਰ-ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 100 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤ ਕੇ ਪਿੰਡ ਪਤਿਆਲ ਪਰਤੇ ਗੁਰਵਿੰਦਰਜੀਤ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਜਦੋਂ ਉਹ ਆਪਣੇ ਪਿਤਾ ਕਮਲਜੀਤ ਸਿੰਘ ਤੇ ਮਾਤਾ ਰੁਪਇੰਦਰ ਕੌਰ ਨਾਲ ਖੁੱਲ੍ਹੀ ਜੀਪ ਵਿੱਚ ਪਿੰਡ ਪਤਿਆਲ ਦਾਖਲ ਹੋਇਆ ਤਾਂ ਪਿੰਡ ਵਾਸੀਆਂ ’ਚ ਖੁਸ਼ੀ ਦੀ ਲਹਿਰ ਫੈਲ ਗਈ। ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਸੈਣੀ ਅਤੇ ਮਾਰਕੀਟ ਕਮੇਟੀ ਭੋਗਪੁਰ ਦੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਭਟਨੂਰਾ ਦੇ ਅਗਵਾਈ ਵਾਲੀ ਬਹੁਤ ਸਾਰੇ ਸਿਆਸੀ ਆਗੂ ਉਸ ਨੂੰ ਅਤੇ ਪਰਿਵਾਰ ਨੂੰ ਮੁਬਾਰਕਾਂ ਦੇਣ ਵਿਸ਼ੇਸ਼ ਤੌਰ ’ਤੇ ਪਹੁੰਚੇ। ਭਾਜਪਾ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਡੱਲੀ ਨੇ ਕਿਹਾ ਖਿਡਾਰੀ ਗੁਰਵਿੰਦਰਜੀਤ ਸਿੰਘ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਜਾਵੇਗਾ। -ਪੱਤਰ ਪ੍ਰੇਰਕ