ਪੱਤਰ ਪ੍ਰੇਰਕ
ਹੁਸ਼ਿਆਰਪੁਰ, 28 ਜੂਨ
ਪਿੰਡ ਖਾਨਪੁਰ ਸਹੋਤਾ ਦੇ ਇਕ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ, ਜਦੋਂਕਿ ਮ੍ਰਿਤਕ ਦੇ ਮਾਪਿਆਂ ਵਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਲੜਕੇ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੱਜੋਦਿਓਤਾ ਦੇ ਨੇੜੇ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਥਾਣਾ ਬੁੱਲ੍ਹੋਵਾਲ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਇਸ ਨੂੰ ਸੜਕ ਹਾਦਸਾ ਮੰਨ ਕੇ ਧਾਰਾ 279/304-ਏ ਤਹਿਤ ਕੇਸ ਦਰਜ ਕਰ ਲਿਆ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨੇ ਲੜਕੇ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰਦਿਆਂ ਦੋਸ਼ ਲਗਾਇਆ ਕਿ ਇਹ ਸੜਕ ਹਾਦਸਾ ਨਹੀਂ ਬਲਕਿ ਤੰਗ ਆ ਕੇ ਖੁਦਕੁਸ਼ੀ ਦਾ ਮਾਮਲਾ ਹੈ। ਮ੍ਰਿਤਕ ਨੌਜਵਾਨ ਜਸਬੀਰ ਸਿੰਘ ਦੇ ਪਿਤਾ ਜੋਗਾ ਸਿੰਘ ਨੇ ਦੱਸਿਆ ਕਿ ਜਸਬੀਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਸਹੁਰੇ ਪਰਿਵਾਰ ਵਾਲੇ ਜਸਬੀਰ ਦੀ ਪਤਨੀ ਨੂੰ ਲੈ ਗਏ ਸਨ ਤੇ ਉਸ ’ਤੇ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾ ਰਹੇ ਸਨ। ਜੋਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਜਿਸ ਦੇ ਚੱਲਦਿਆਂ ਤੰਗ ਆ ਕੇ ਜਸਬੀਰ ਨੇ ਆਤਮਹੱਤਿਆ ਕੀਤੀ। ਮੰਗਲਵਾਰ ਸਵੇਰੇ ਉਨ੍ਹਾਂ ਨੂੰ ਪੁਲੀਸ ਵਲੋਂ ਥਾਣਾ ਬੁੱਲੋਵਾਲ ਆਉਣ ਲਈ ਕਿਹਾ ਗਿਆ। ਜਦੋਂ ਉਹ ਥਾਣੇ ਪਹੁੰਚੇ ਤਾਂ ਉਨ੍ਹਾਂ ਨੂੰ ਜਸਬੀਰ ਦੀ ਮੌਤ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਨੇ ਲੜਕੇ ਦੇ ਸਹੁਰੇ ਪਰਿਵਾਰ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਸਬੀਰ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਥਾਣਾ ਬੁੱਲ੍ਹੋਵਾਲ ਦੇ ਵਧੀਕ ਐਸ.ਐਚ.ਓ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਪਹਿਲਾਂ ਸੜਕ ਹਾਦਸਾ ਮੰਨਦਿਆਂ ਧਾਰਾ 279/304-ਏ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਸਬੂਤਾਂ ਦੇ ਮੱਦੇਨਜ਼ਰ ਧਾਰਾ ਵਿਚ ਵਾਧਾ ਕਰਦਿਆਂ ਮ੍ਰਿਤਕ ਜਸਬੀਰ ਦੇ ਸਹੁਰਾ ਪਰਿਵਾਰ ਖਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ।