ਪੱਤਰ ਪ੍ਰੇਰਕ
ਫਗਵਾੜਾ, 24 ਜੂਨ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤ ਦੇਣ ਲਈ ਪਹਿਲ ਦੇ ਆਧਾਰ ’ਤੇ ਕੰਮ ਕਰ ਰਹੀ ਹੈ ਤੇ ਸੂਬੇ ’ਚ ਆਮ ਆਦਮੀ ਕਲੀਨਿਕ ਦੇ ਵੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਹ ਅੱਜ ਲਵਲੀ ਯੂਨੀਵਰਸਿਟੀ ਵਿੱਚ ਜੁਆਇੰਟ ਐਸੋਸੀਏਸ਼ਨ ਆਫ਼ ਇੰਡੀਪੇਡੈਂਟ ਲੈਬਾਰਟਰੀ ਤੇ ਅਲਾਈਡ ਪ੍ਰੋਫ਼ੈਸ਼ਨਲਜ਼ ਸੰਸਥਾ (ਜੈ ਮਿਲਾਪ) ਵਲੋਂ ਕਰਵਾਈ ਵਰਕਸ਼ਾਪ ਦੇ ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਸੰਸਥਾ ਦੇ ਸੂਬਾ ਸਕੱਤਰ ਰਾਜ ਬੈਕਟਰ, ਸੁਰਜੀਤ ਸਿੰਘ ਚੰਦੀ, ਡਾ. ਮੋਨਿਕਾ ਗੁਲਾਟੀ ਨੇ ਸੰਸਥਾ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ। ਇਸ ਮੌਕੇ ਮੰਤਰੀ ਨੇ ਸੰਸਥਾ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਜੋ ਵੀ ਉਨ੍ਹਾਂ ਦੀਆਂ ਮੰਗਾਂ ਸਰਕਾਰ ਦੇ ਵਿਚਾਰ ਅਧੀਨ ਹਨ ਉਨ੍ਹਾਂ ਨੂੰ ਜਲਦੀ ਹੀ ਹਲ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸੰਸਥਾ ਨੂੰ ਲੋਕਾਂ ਦੇ ਇਲਾਜ ਦਾ ਕੰਮ ਚੰਗੇ ਢੰਗ ਨਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਮੋਨਿਕਾ ਗੁਲਾਟੀ, ਡਾ. ਨਰੇਸ਼ ਕੁਮਾਰ, ਰੁਪਾਲੀ ਦੁਬੇ, ਡਾ. ਸੁਮਨਪ੍ਰੀਤ ਕੌਰ ਨੇ ਵੀ ਵਿਚਾਰ ਰੱਖੇ ਤੇ ਮੰਤਰੀ ਨੇ ਸੰਸਥਾ ਦੇ ਕਿਤਾਬਚਾ ਵੀ ਜਾਰੀ ਕੀਤਾ।