ਧਿਆਨ ਸਿੰਘ ਭਗਤ
ਕਪੂਰਥਲਾ, 11 ਮਾਰਚ
ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ‘ਆਪ’ ਉਮੀਦਵਾਰ ਮੰਜੂ ਰਾਣਾ ਨੇ ਕੱਲ੍ਹ ਚੋਣ ਨਤੀਜਾ ਐਲਾਨਣ ਤੋਂ ਪਹਿਲਾਂ ਹੀ ਵੋਟ ਗਿਣਤੀ ਕੇਂਦਰ ਦੇ ਬਾਹਰ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਸੀ ਜਿਹੜਾ ਅੱਜ ਵੀ ਜਾਰੀ ਰਿਹਾ। ਮੀਡੀਆ ਨਾਲ ਗੱਲਬਾਤ ਕਰਦਿਆਂ ਮੰਜੂ ਰਾਣਾ ਨੇ ਕਾਂਗਰਸ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੀ ਜਿੱਤ ’ਤੇ ਸਵਾਲੀਆਂ ਚਿੰਨ੍ਹ ਲਗਾਉਂਦਿਆਂ ਚੋਣ ਕਮਿਸ਼ਨ ਬਾਰੇ ਉਨ੍ਹਾਂ ਕਿਹਾ ਕਿ ਉਹ ਇਕ ਮਹੀਨੇ ਤੋਂ ਪ੍ਰਸ਼ਾਸਨ ਤੋਂ ਅਧਿਕਾਰੀ ਬਦਲਣ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਇੱਕ ਈਵੀਐਮ ਵਿੱਚ ਨਿਕਲੀਆਂ ਵੋਟਾਂ ਦੀ ਗਿਣਤੀ ਬਾਰੇ ਵੀ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਬੂਥ ਨੰਬਰ-3 ’ਤੇ ਉਨ੍ਹਾਂ ਨੂੰ ਦਿੱਤੇ 17 ਸੀ ਫਾਰਮ ਅਨੁਸਾਰ 292 ਵੋਟਾਂ ਪੋਲ ਹੋਈਆਂ ਸਨ ਜਦੋਂਕਿ ਗਿਣਤੀ ਵੇਲੇ ਉਸ ਮਸ਼ੀਨ ਵਿੱਚੋਂ 635 ਵੋਟਾਂ ਨਿਕਲੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਜਾਅਲੀ ਵੋਟਾਂ ਪਾਈਆਂ ਗਈਆਂ ਹਨ। ਉਨ੍ਹਾਂ ਉੱਚ ਪੁਲੀਸ ਅਧਿਕਾਰੀਆਂ ਖ਼ਿਲਾਫ਼ ਵੀ ਦੋਸ਼ ਲਾਏ।
ਅੱਜ ਐਸਐਸਪੀ ਕਪੂਰਥਲਾ, ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਕੁਝ ਹੋਰ ਪਤਵੰਤਿਆਂ ਨੇ ਉਨ੍ਹਾਂ ਨੂੰ ਧਰਨੇ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਰਟੀ ਹਾਈਕਮਾਨ ਨੇ ਮੰਜੂ ਰਾਣਾ ਨੂੰ ਆਪਣਾ ਧਰਨਾ ਚੁੱਕ ਲੈਣ ਦਾ ਕਹਿ ਦਿੱਤਾ ਹੈ। ਪਰ ਮੰਜੂ ਰਾਣਾ ਅਜੇ ਸ਼ਾਮ ਪੰਜ ਵਜੇ ਤੱਕ ਆਪਣੇ ਸਟੈਂਡ ’ਤੇ ਕਾਇਮ ਰਹੀ। ਪੁਲੀਸ ਪ੍ਰਸ਼ਾਸਨ ਮੰਜੂ ਰਾਣਾ ਦੇ ਸਮਰਥਕਾਂ ਨੂੰ ਉਨ੍ਹਾਂ ਦੇ ਕੋਲ ਨਹੀਂ ਜਾਣ ਦੇ ਰਿਹਾ। ਇਥੋਂ ਤੱਕ ਕਿ ਮੀਡੀਆ ਦੇ ਲੋਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ। ਸਾਰਾ ਮਾਮਲਾ ਚੋਣ ਕਮਿਸ਼ਨ ਅਤੇ ਰਾਜ ਪ੍ਰਸ਼ਾਸਨ ਦੇ ਨਾਲ ਪਾਰਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।