ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਜੂਨ
ਪਾਵਰਕੌਮ ਵੱਲੋਂ ਟਰਾਂਸਫਾਰਮਰਾਂ ਦੇ ਲੋਡ ਦੀ ਕਰਵਾਈ ਜਾ ਰਹੀ ਚੈਕਿੰਗ ਦੌਰਾਨ ਇਹ ਤੱਥ ਉੱਭਰ ਕੇ ਸਾਹਮਣੇ ਆਏ ਹਨ ਕਿ ਸ਼ਹਿਰ ਵਿੱਚ ਲੱਗੇ 100 ਦੇ ਕਰੀਬ ਟਰਾਂਸਫਾਰਮਰ ਓਵਰਲੋਡ ਹਨ। ਇਨ੍ਹਾਂ ਟਰਾਂਸਫਾਰਮਰਾਂ ਦੇ ਓਵਰਲੋਡ ਹੋਣ ਕਾਰਨ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਸਤਨ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਬਿਜਲੀ ਕੱਟ ਲੱਗ ਰਹੇ ਹਨ।
ਪਾਵਰਕੌਮ ਦੇ ਸੂਤਰਾਂ ਨੇ ਦੱਸਿਆ ਕਿ ਟਰਾਂਸਫਾਰਮਰਾਂ ਦੀ ਚੈਕਿੰਗ ਦਾ ਕੰਮ ਆਮ ਤੌਰ ’ਤੇ ਫਰਵਰੀ ’ਚ ਹੋ ਜਾਂਦਾ ਹੈ ਤਾਂ ਜੋ ਝੋਨੇ ਦੇ ਪੀਕ ਸਮੇਂ ਦੌਰਾਨ ਟਰਾਂਸਫਾਰਮਰ ਖਰਾਬ ਨਾ ਹੋਣ, ਪਰ ਹੁਣ ਇਨ੍ਹਾਂ ਦੀ ਜਾਂਚ ਹੀ ਜੂਨ ’ਚ ਕਰਵਾਈ ਜਾ ਰਹੀ ਹੈ। ਸ਼ਹਿਰ ਵਿੱਚ 350 ਦੇ ਕਰੀਬ ਛੋਟੇ-ਵੱਡੇ ਫੀਡਰ ਹਨ। ਸ਼ਹਿਰ ਦੇ 80 ਵਾਰਡਾਂ ਦੇ ਹਰ ਮੁਹੱਲੇ ਵਿੱਚ ਲੱਗਾ ਟਰਾਂਸਫਾਰਮਰ ਓਵਰਲੋਡ ਦੱਸਿਆ ਜਾ ਰਿਹਾ ਹੈ। ਵਾਰਡ ਨੰਬਰ 80 ਦੇ ਕੌਂਸਲਰ ਦੇਸ ਰਾਜ ਜੱਸਲ ਨੇ ਦੱਸਿਆ ਕਿ ਜਿਹੜੇ ਟਰਾਂਸਫਾਰਮਰ ਓਵਰਲੋਡ ਹੁੰਦੇ ਹਨ ਉਨ੍ਹਾਂ ’ਚੋਂ ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ ਰਹਿੰਦੀਆਂ ਹਨ। ਇਸ ਨਾਲ ਟਰਾਂਸਫਾਰਮਰ ਦੀ ਕੇਬਲ ਸੜ ਜਾਂਦੀ ਹੈ ਤੇ ਫਿਊਜ਼ ਜਲਦੀ ਉੱਡਣ ਕਾਰਨ ਇਲਾਕੇ ਵਿਚੋਂ ਬਿਜਲੀ ਵੀ ਗੁੱਲ ਹੋ ਜਾਂਦੀ ਹੈ। ਉਨ੍ਹਾਂ ਪਾਵਰਕੌਮ ਦੀ ਕਾਰਗੁਜ਼ਾਰੀ ’ਤੇ ਉਂਗਲ ਧਰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਤਾਂ ਉਨ੍ਹਾਂ ਨੂੰ ਇਸ ਦੀ ਸ਼ੁਰੂਆਤ ਪਾਵਰਕੌਮ ਤੋਂ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਮਿੱਠਾਪੁਰ ਰੋਡ ’ਤੇ ਆਉਂਦੀਆਂ ਕਲੋਨੀਆਂ ’ਚ ਲੱਗੇ ਟਰਾਂਸਫਾਰਮਰ ਓਵਰਲੋਡ ਹੋਣ ਕਾਰਨ ਖਰਾਬ ਹੀ ਰਹਿੰਦੇ ਹਨ। ਦਰਜਨ ਤੋਂ ਵੱਧ ਅਜਿਹੀਆਂ ਕਲੋਨੀਆਂ ਤੇ ਮੁਹੱਲੇ ਹਨ ਜਿੱਥੇ ਲੋਕ ਸਭ ਤੋਂ ਵੱਧ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਵਿੱਚ ਅਰਬਨ ਅਸਟੇਟ ਫੇਜ਼-1 ਤੇ 2, ਅੰਮ੍ਰਿਤ ਵਿਹਾਰ, ਅਸ਼ੋਕ ਵਿਹਾਰ, ਸਵਰਨ ਪਾਰਕ, ਰਾਜਾ ਗਾਰਡਨ, ਮਿੱਠਾਪੁਰ, ਜਮਸ਼ੇਰ ਅਤੇ ਨਕੋਦਰ ਸਮੇਤ ਹੋਰ ਇਲਾਕਿਆਂ ਵਿੱਚ ਵੀ ਓਵਰਲੋਡ ਹੋਏ ਟਰਾਂਸਫਾਰਮਰ ਬਿਜਲੀ ਗੁੱਲ ਹੋਣ ਦਾ ਮੁੱਖ ਕਾਰਨ ਬਣਦੇ ਹਨ। ਉੱਧਰ, ਡਿਪਟੀ ਚੀਫ਼ ਇੰਜੀਨੀਅਰ ਇੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਬਿਜਲੀ ਦੇ ਲੋਡ ਨੂੰ ਚੈੱਕ ਕਰਨਾ ਤੇ ਟਰਾਂਸਫਾਰਮਰ ਬਦਲਣਾ ਰੁਟੀਨ ਦਾ ਕੰਮ ਹੈ।