ਪਾਲ ਸਿੰਘ ਨੌਲੀ
ਜਲੰਧਰ, 2 ਅਗਸਤ
ਜ਼ਿਲ੍ਹਾ ਸਿੱਖਿਆ ਦਫਤਰ (ਐਲੀਮੈਂਟਰੀ) ਵੱਲੋਂ ਅਧਿਆਪਕਾਂ ਨਾਲ ਕੀਤੀਆਂ ਜਾਂਦੀਆਂ ਕਥਿਤ ਵਧੀਕੀਆਂ ਵਿਰੁੱਧ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ।
ਆਗੂਆਂ ਦਫਤਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ’ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਕਈ ਵਾਰੀ ਬੇਨਤੀਆਂ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਬਕਾਇਆ ਮੈਡੀਕਲ ਬਿੱਲਾਂ ਦੀ ਪੂਰਤੀ ਨਹੀਂ ਕੀਤੀ ਜਾ ਰਹੀ ਹੈ। ਪੇਅ ਕਮਿਸ਼ਨ ਦੇ ਬਕਾਏ ਕਢਵਾਉਣ ਲਈ ਬਲਾਕਾਂ ਨੂੰ ਰਾਸ਼ੀ ਪਾਉਣ ਸਮੇਂ ਹਮੇਸ਼ਾ ਕਾਣੀ ਵੰਡ ਕੀਤੀ ਜਾਂਦੀ ਹੈ, ਜਿਸ ਕਾਰਨ ਕਈ ਬਲਾਕਾਂ ਦੇ ਬਕਾਇਆਂ ਦੀ ਅਦਾਇਗੀ ਹਾਲੇ ਵੀ ਰਹਿੰਦੀ ਹੈ। ਆਗੂਆਂ ਦੋਸ਼ ਲਗਾਇਆ ਕਿ ਸਨੋਰਾ ਸਕੂਲ ਦੇ ਸੀਐੱਚਟੀ ਰਾਜ ਕੁਮਾਰ ਜਿਨ੍ਹਾਂ ਦੀ ਬੀਤੇ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਜੋਂ ਤਰੱਕੀ ਹੋਈ ਹੈ, ਨੂੰ ਦਫਤਰ ਦੇ ਅਧਿਕਾਰੀਆਂ ਵੱਲੋਂ ਫਾਰਗ ਕਰਨ ਸਮੇਂ ਜਾਣ ਬੁੱਝ ਕੇ ਅੜਚਨਾਂ ਪਾਈਆਂ ਜਾ ਰਹੀਆਂ ਹਨ। ਧਰਨਾ ਦੇ ਰਹੇ ਅਧਿਆਪਕਾਂ ਨਾਲ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਮੁਲਤਾਨੀ ਨੇ ਗੱਲਬਾਤ ਕੀਤੀ ਤੇ ਮੰਗ ਪੱਤਰ ਲਿਆ। ਉਨ੍ਹਾਂ ਸਾਰੇ ਮਸਲੇ ਨਬਿੇੜਨ ਲਈ ਦੋ ਦਿਨਾਂ ਦੇ ਸਮੇਂ ਦੀ ਮੰਗ ਕੀਤੀ ਜਿਸ ’ਤੇ ਗੌਰ ਕਰਦਿਆਂ ਜਥੇਬੰਦੀ ਵੱਲੋਂ ਆਪਣਾ ਪੱਕਾ ਧਰਨਾ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ। ਅਧਿਆਪਕ ਆਗੂਆਂ ਚਿਤਾਵਨੀ ਦਿੱਤੀ ਕਿ ਜੇ ਵਾਅਦੇ ਮੁਤਾਬਕ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੱਕਾ ਧਰਨਾ ਲਗਾਇਆ ਜਾਵੇਗਾ।
ਧਰਨੇ ਨੂੰ ਤੀਰਥ ਸਿੰਘ ਬਾਸੀ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ, ਜੁਆਇੰਟ ਸਕੱਤਰ ਕੁਲਦੀਪ ਵਾਲੀਆ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਜੁਆਇੰਟ ਵਿੱਚ ਸਕੱਤਰ ਨਿਰਮੋਲਕ ਸਿੰਘ ਹੀਰਾ, ਬਲਜੀਤ ਸਿੰਘ ਕੁਲਾਰ ਤੇ ਰਗਜੀਤ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।