ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਮਈ
ਇੱਕ ਨਿੱਜੀ ਹਸਪਤਾਲ ਵਿੱਚ ਮਰੀਜ਼ ਦੀ ਮੌਤ ਹੋ ਜਾਣ ’ਤੇ ਪਰਿਵਾਰ ਵਾਲਿਆਂ ਨੇ ਵਾਧੂ ਪੈਸੇ ਵਸੂਲਣ ਨੂੰ ਲੈ ਕੇ ਹੰਗਾਮਾ ਕੀਤਾ।
ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਭਤੀਜੀ ਨਿਧੀ (15) ਨੂੰ ਡੇਂਗੂ ਹੋਇਆ ਸੀ। ਉਨ੍ਹਾਂ ਨੇ ਉਸ ਨੂੰ ਦਿਲਕੁਸ਼ਾ ਮਾਰਕੀਟ ਨੇੜਲੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਸੀ ਜਿਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਜਿਹੜਾ ਬਿੱਲ ਬਣਾਇਆ ਗਿਆ ਸੀ ਉਸ ਦਾ ਭੁਗਤਾਨ ਕਰ ਦਿੱਤਾ ਗਿਆ ਸੀ। ਦਿਨੇਸ਼ ਨੇ ਦੱਸਿਆ ਕਿ ਹਸਪਤਾਲ ’ਚੋਂ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਹ ਨਿਧੀ ਦਾ ਅਧਾਰ ਕਾਰਡ ਲੈ ਕੇ ਆਉਣ ਤਾਂ ਜੋ ਉਸ ਦੀ ਮੌਤ ਦਾ ਸਰਟੀਫਿਕੇਟ ਬਣਾ ਦਿੱਤਾ ਜਾਵੇ। ਅੱਜ ਜਦੋਂ ਉਨ੍ਹਾਂ ਨੇ ਹਸਪਤਾਲ ਵੱਲੋਂ ਬਣਾਇਆ ਬਿੱਲ ਦੇਖਿਆ ਤਾਂ ਉਨ੍ਹਾਂ ਨੂੰ ਇਹ ਸਪੱਸ਼ਟ ਹੋਇਆ ਕਿ ਉਨ੍ਹਾਂ ਕੋਲੋਂ ਵਾਧੂ ਪੈਸੇ ਵਸੂਲੇ ਗਏ ਹਨ।
ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਦੇ ਅਕਾਊਂਟ ਬ੍ਰਾਂਚ ਦੇ ਸਟਾਫ ਨੇ ਵੀ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਤੇ ਬਾਅਦ ਵਿੱਚ ਮਾਮਲੇ ਨੂੰ ਨਬਿੇੜਨ ਦੇ ਇਰਾਦੇ ਨਾਲ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਗਈ। ਇਸੇ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਗਏ ਹੰਗਾਮੇ ਸਮੇਂ ਮੌਕੇ ’ਤੇ ਪੁਲੀਸ ਵੀ ਪਹੁੰਚ ਗਈ।
ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਹਸਪਤਾਲ ਜਦੋਂ ਮਰੀਜ਼ ਲਿਆਂਦਾ ਗਿਆ ਸੀ ਤਾਂ ਉਦੋਂ ਉਸ ਦੀ ਹਾਲਤ ਬੜੀ ਗੰਭੀਰ ਸੀ ਤੇ ਉਸ ਨੂੰ ਬਚਾਉਣ ਲਈ ਸਾਰੇ ਯਤਨ ਕੀਤੇ ਗਏ ਸਨ ਪਰ ਮਰੀਜ਼ ਦੀ ਜਾਨ ਨਹੀਂ ਬਚ ਸਕੀ।
ਡਾਕਟਰ ਨੀਰਜ ਨੇ ਕਿਹਾ ਕਿ ਵਾਧੂ ਬਿੱਲ ਬਣਨ ਦੇ ਮਾਮਲੇ ’ਤੇ ਅਕਾਊਂਟ ਬ੍ਰਾਂਚ ਨਾਲ ਬੈਠ ਕੇ ਮਾਮਲੇ ਨੂੰ ਹੱਲ ਕੀਤਾ ਜਾ ਸਕਦਾ ਸੀ।