ਪੱਤਰ ਪ੍ਰੇਰਕ
ਫਗਵਾੜਾ, 10 ਜੁਲਾਈ
ਲੋਕ ਹਿਤੈਸ਼ੀ ਕਾਫ਼ਲਾ ਫਗਵਾੜਾ ਨੇ ਤੀਸਤਾ ਸੀਤਲਵਾੜ ਤੇ ਹੋਰ ਬੁਧੀਜੀਵੀਆਂ ਦੀ ਰਿਹਾਈ ਦੀ ਮੰਗ ਸਬੰਧੀ ਅੱਜ ਟਾਊਨ ਹਾਲ ਵਿੱਚ ਕਨਵੈਨਸ਼ਨ ਕੀਤੀ। ਕਨਵੈਨਸ਼ਨ ’ਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਸਕੱਤਰ ਸੁਰਜੀਤ ਜੱਜ, ਤਰਕਸ਼ੀਲ ਆਗੂ ਸੁਖਦੇਵ ਸਿੰਘ, ਸੁਰਿੰਦਰਪਾਲ, ਜਸਵਿੰਦਰ ਸਿੰਘ, ਡਾ. ਐਸ.ਐਲ. ਵਿਰਦੀ, ਪੈਨਸ਼ਨ ਫ਼ਰੰਟ ਦੇ ਆਗੂ ਸਾਧੂ ਸਿੰਘ ਜੱਸਲ ਤੇ ਸੀਤਲ ਰਾਮ ਬੰਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਜਰਾਤ ਦੰਗੇ, ਜਿਸ ’ਚ ਸੈਂਕੜੇ ਮੁਸਲਮਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ, ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਤਾਰ ਕਾਨੂੰਨੀ ਸੰਘਰਸ਼ ਕਰਨ ਵਾਲੀ ਤੀਸਤਾ ਸੀਤਲਵਾੜ ਨੂੰ ਹਕੂਮਤ ਨੇ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਕਾਫ਼ੀ ਗਿਣਤੀ ਬੁੱਧਜੀਵੀਆਂ, ਕਵੀਆਂ, ਸਹਿਤਕਾਰਾ ਤੇ ਪੱਤਰਕਾਰਾਂ ਨੂੰ ਜੇਲ੍ਹਾਂ ’ਚ ਡੱਕਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮਨੁੱਖੀ ਅਧਿਕਾਰਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ ਅਤੇ ਨਿਆਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਜੇਲ੍ਹਾਂ ’ਚ ਬੰਦ ਕਰਕੇ ਸਾਮਰਾਜੀ ਗਲਬੇ ਦਾ ਏਜੰਡਾ ਲਾਗੂ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਨੁੱਖੀ ਹੱਕਾਂ ਦੀ ਆਗੂ ਐਡਵੋਕੇਟ ਤੀਸਤਾ ਸੀਤਲਵਾੜ ਅਤੇ ਬੁਧਜੀਵੀਆਂ ਨੂੰ ਰਿਹਾਅ ਕਰੇ। ਇਸ ਮੌਕੇ ਹਾਜ਼ਰ ਲੋਕਾਂ ਨੇ ਤੀਸਤਾ ਤੇ ਹੋਰਨਾਂ ਬੁਧਜੀਵੀਆਂ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਚੁੱਕ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਵੀ ਕੀਤਾ। ਇਸ ਮੌਕੇ ਪ੍ਰੀਤਮ ਸਿੰਘ ਲੱਲੀ, ਕੁਲਦੀਪ ਸਿੰਘ ਕੌੜਾ, ਫੌਜੀ ਅਫ਼ਸਰ, ਮਨੋਹਰ ਲਾਲ, ਰਤਨ ਲਾਲ, ਸਤੀਸ਼ ਭਾਰਤੀ, ਮੋਹਨ ਲਾਲ, ਮਲਕੀਅਤ ਸਿੰਘ, ਰਜੇਸ਼ ਕੁਮਾਰ ਬੋਬੀ, ਸੁਦੇਸ਼ ਮੱਟੂ, ਤੇ ਆਤਮਾ ਰਾਮ ਆਦਿ ਹਾਜ਼ਰ ਸਨ।