ਜਗਜੀਤ ਸਿੰਘ
ਹੁਸ਼ਿਆਰਪੁਰ, 22 ਜੁਲਾਈ
ਵਿਜੀਲੈਂਸ ਬਿਊਰੋ ਨੇ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਰੂਪੋਵਾਲ ਦੇ ਪੰਜ ਮੁਲਾਜ਼ਮਾਂ ਨੂੰ ਇਕ ਮ੍ਰਿਤਕ ਮੈਂਬਰ ਦੇ ਨਾਂਅ ’ਤੇ ਕਰਜ਼ਾ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਸਹਿਕਾਰੀ ਸਭਾ ਧੁੱਗਾ ਕਲਾਂ ਦੇ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਸਹਾਇਕ ਰਜਿਸਟਰਾਰ ਸਹਿਕਾਰੀ ਬੈਂਕ ਦਸੂਹਾ ਯੁੱਧਵੀਰ ਸਿੰਘ, ਕਲਰਕ-ਕਮ-ਕੈਸ਼ੀਅਰ ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ ਰਵਿੰਦਰ ਸਿੰਘ, ਸੇਵਾ ਮੁਕਤ ਕੈਸ਼ੀਅਰ ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ ਮਨਜੀਤ ਸਿੰਘ ਅਤੇ ਇਸੇ ਬੈਂਕ ਦੇ ਸਾਬਕਾ ਮੈਨੇਜਰ ਅਵਤਾਰ ਸਿੰਘ ਅਤੇ ਪਰਮਜੀਤ ਸਿੰਘ ਸ਼ਾਮਿਲ ਹਨ।
ਪਹਿਲਾਂ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਵਿੱਚ ਸਹਿਕਾਰੀ ਸਭਾ ਧੁੱਗਾ ਕਲਾਂ ਦਾ ਸਕੱਤਰ ਅਜੈਬ ਸਿੰਘ, ਮੈਂਬਰ ਨਰੰਜਨ ਸਿੰਘ ਅਤੇ ਤਰਸੇਮ ਸਿੰਘ ਸ਼ਾਮਿਲ ਹਨ। ਮੁਲਜ਼ਮਾਂ ਖਿਲਾਫ਼ ਧਾਰਾ 409/420/465/466/467/468/471/120-ਬੀ ਆਈ.ਪੀ.ਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 3 (1) ਏ ਅਤੇ 12 (2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਸ਼ੀਅਰ ਅਜੈਬ ਸਿੰਘ ਨੂੰ ਪਿੰਡ ਧੁੱਗਾ ਕਲਾਂ ਦੇ ਰਹਿਣ ਵਾਲੇ ਸੁਸਾਇਟੀ ਦੇ ਮ੍ਰਿਤਕ ਮੈਂਬਰ ਗੁਲਜ਼ਾਰ ਸਿੰਘ ਦੇ ਨਾਂਅ ’ਤੇ 1.92 ਲੱਖ ਰੁਪਏ ਦਾ ਕਰਜ਼ਾ ਲੈਣ ਦੇ ਦੋਸ਼ ਤਹਿਤ ਸਹਿਕਾਰੀ ਸਭਾ ਦੇ ਹੋਰ ਅਧਿਕਾਰੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਜੈਬ ਸਿੰਘ ਨੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਦੁਬਾਰਾ ਫ਼ਿਰ ਗੁਲਜ਼ਾਰ ਸਿੰਘ ਦੇ ਨਾਂਅ ’ਤੇ 1.90 ਲੱਖ ਰੁਪਏ ਦਾ ਕਰਜ਼ਾ ਲਿਆ। ਗ੍ਰਿਫ਼ਤਾਰੀ ਦੇ ਡਰੋਂ ਉਸ ਨੇ ਸਾਰਾ ਕਰਜ਼ਾ ਵਿਆਜ ਸਮੇਤ ਉਸ ਦੇ ਖਾਤੇ ’ਚ ਜਮ੍ਹਾਂ ਕਰਵਾ ਦਿੱਤਾ ਸੀ। ਇਨ੍ਹਾਂ ਤਿੰਨਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ’ਤੇ 5 ਹੋਰ ਮੁਲਜ਼ਮਾਂ ਦੀ ਪੁਸ਼ਟੀ ਹੋਈ ਜਿਨ੍ਹਾਂ ਨੂੰ ਅੱਜ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।