ਹਰਪ੍ਰੀਤ ਕੌਰ
ਹੁਸ਼ਿਆਰਪੁਰ, 9 ਜਨਵਰੀ
ਕਿਸਾਨ ਜਥੇਬੰਦੀਆਂ ਵੱਲੋਂ ਲਾਚੋਵਾਲ ਟੌਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ 93ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਖੁਣ-ਖੁਣ ਅਤੇ ਉਂਕਾਰ ਸਿੰਘ ਧਾਮੀ ਨੇ ਕਿਹਾ ਕਿ ਦਿੱਲੀ ਸੰਘਰਸ਼ ਦੌਰਾਨ 50 ਤੋਂ ਵੱਧ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਪਰ ਸਰਕਾਰ ਦੁੱਖ ਪ੍ਰਗਟ ਕਰਨ ਤੱਕ ਨਹੀਂ ਆਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਆਖਰੀ ਫ਼ੈਸਲਾ ਹੁਣ ਜਿੱਤਣਾ ਜਾਂ ਮਰਨਾ ਹੈ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਮਿਨੀ ਸਕੱਤਰੇਤ ਨੇੜੇ ਜੀਓ ਰਿਲਾਇੰਸ ਦਫਤਰ ਦੇ ਬਾਹਰ ਦਿਨ ਰਾਤ ਦਿੱਤਾ ਜਾ ਰਿਹਾ ਧਰਨਾ ਅੱਜ 60ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਪਣੀ ਜਿੱਦ ’ਤੇ ਅੜੇ ਰਹਿਣਾ ਸਾਬਿਤ ਕਰਦਾ ਹੈ ਕਿ ਇਹ ਸਰਕਾਰ ਕਿਸੇ ਸਾਜਿਸ਼ ਤਹਿਤ ਕਿਸਾਨਾਂ ਦੇ ਪੁਰਅਮਨ ਚੱਲ ਰਹੇ ਸੰਘਰਸ਼ ਨੂੰ ਜਾਣ-ਬੁੱਝ ਕੇ ਲਟਕਾ ਕੇ ਹਾਲਾਤ ਨੂੰ ਵਿਗਾੜਣਾ ਚਾਹੁੰਦੀ ਹੈ।
ਪਠਾਨਕੋਟ (ਐਨਪੀ ਧਵਨ): ਯੂਥ ਅਕਾਲੀ ਦਲ ਵੱਲੋਂ ਕਿਸਾਨਾਂ ਦਾ ਸਮਰਥਨ ਕਰਦਿਆਂ ਅੱਜ ਇੱਥੇ ਯੂਥ ਅਕਾਲੀ ਦਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ ਗਏ। ਪ੍ਰਦਰਸ਼ਨ ਵਿੱਚ ਕਿਸਾਨ ਵਿੰਗ ਦੇ ਪ੍ਰਧਾਨ ਦਲਜੀਤ ਸਿੰਘ ਮਾਹੀ ਚੱਕ, ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ, ਯੂਥ ਆਗੂ ਦਵਿੰਦਰਪਾਲ ਸਿੰਘ ਮੰਗਾ, ਰਣਦੀਪ ਸਿੰਘ ਰਾਣਾ, ਗੁਰਪ੍ਰੀਤ ਸਿੰਘ ਗੋਸਲ, ਗੌਰਵ ਠਾਕੁਰ, ਸੌਰਭ ਠਾਕੁਰ, ਅਮਰਜੋਤ ਸਿੰਘ, ਮਨਵਿੰਦਰ ਸਿੰਘ, ਲਵਦੀਪ ਸਿੰਘ ਤੇ ਬਿਕਰਮ ਸਿੰਘ ਆਦਿ ਆਗੂ ਸ਼ਾਮਲ ਹੋਏ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ – ਵੱਖ ਬਾਰਡਰਾਂ ’ਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੂੰ ਜਿੱਥੇ ਦੇਸ਼ ਵਿੱਚ ਭਾਰੀ ਜਨ ਸਮਰਥਨ ਮਿਲ ਰਿਹਾ ਹੈ ਉੱਥੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਪਿੰਡਾਂ ਵਿੱਚ ਕੇਂਦਰ ਸਰਕਾਰ ਵਿਰੁੱਧ ਰੈਲੀਆਂ ਕੱਢਣ ਦੀ ਮੁਹਿੰਮ ਪਿੰਡ ਪਧਿਆਣਾ ਤੋਂ ਸ਼ੁਰੂ ਕੀਤੀ ਗਈ। ਅਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਪਿੰਡ ਪਧਿਆਣਾ ਵਿੱਚ ਰੈਲੀ ਕੱਢੀ ਗਈ ਤੇ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਉਨ੍ਹਾਂ ਕਿਹਾ ਕਿ ਜੱਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋ ਤੱਕ ਉਹ ਆਦਮਪੁਰ ਇਲਾਕੇ ਵਿਚ ਹਰ ਰੌਜ ਇਕ ਪਿੰਡ ਵਿਚ ਰੈਲੀ ਕੱਢਣਗੇ ਤੇ ਪ੍ਰਧਾਨ ਮੰਤਰੀ ਦਾ ਪੁਤਲੀ ਸਾੜਿਆ ਜਾਵੇਗਾ।
ਮੁਕੇਰੀਆਂ (ਜਗਜੀਤ ਸਿੰਘ): ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਪਿੰਡ ਸੈਦੋ ਨੁਸ਼ਿਹਰਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਰਾਮ ਚੰਦ, ਮਹਿੰਦਰ ਸਿੰਘ, ਸੰਜੀਵ ਕੁਮਾਰ ਸੰਜੂ, ਪਰਮਜੀਤ ਸਿੰਘ ਅਤੇ ਤਰਲੋਕ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ, ਬਲਵੀਰ ਸਿੰਘ, ਵਿਜੇ ਸਿੰਘ ਪੋਤਾ, ਜੋਧਾ ਹੰਦਵਾਲ ਤੇ ਸੁਰੇਸ਼ ਕੁਮਾਰ ਨੇ ਵੀ ਸ਼ਿਰਕਤ ਕੀਤੀ। ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਰੱਦ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ।
ਨਵਾਂਸ਼ਹਿਰ (ਲਾਜਵੰਤ ਸਿੰਘ): ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨਵਾਂਸ਼ਹਿਰ ਹਲਕੇ ਦੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢ ਕੇ 26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਲਈ ਰਿਹਰਸਲ ਕੀਤੀ ਗਈ। ਇਸ ਤੋਂ ਪਹਿਲਾਂ ਯੂਨੀਅਨ ਦੇ ਆਗੂਆਂ ਮਾਸਟਰ ਭੁਪਿੰਦਰ ਸਿੰਘ ਵੜੈਚ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਗੁਰਬਖਸ਼ ਕੌਰ ਸੰਘਾ, ਪਾਖਰ ਸਿੰਘ, ਰਘਬੀਰ ਸਿੰਘ ਤੇ ਕੁਲਵਿੰਦਰ ਸਿੰਘ ਚਾਹਲ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਗਣਤੰਤਰ ਦਿਵਸ ਉੱਤੇ ਦਿੱਲੀ ਵਿੱਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਦਿੱਲੀ ਪਹੁੰਚਣ।
ਮੋਮਬੱਤੀ ਮਾਰਚ ਕੱਢ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ
ਪਠਾਨਕੋਟ (ਪੱਤਰ ਪ੍ਰੇਰਕ): ਯੂਥ ਕਾਂਗਰਸ ਪਠਾਨਕੋਟ ਦੇ ਜ਼ਿਲ੍ਹਾ ਜਨਰਲ ਸਕੱਤਰ ਆਸ਼ੀਸ਼ ਮਹਾਜਨ ਵੱਲੋਂ ਦਿੱਲੀ ਬਾਰਡਰ ’ਤੇ ਸ਼ਹੀਦ ਹੋਏ ਕਿਸਾਨਾਂ ਨੂੰ ਮੋਮਬੱਤੀ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੋਸ਼ਿਤ ਮਹਾਜਨ, ਅਮਨ ਵਡੈਹਰਾ, ਅੰਮ੍ਰਿਤ, ਲਵਲੀ, ਅਮਰ, ਵਿਕਾਸ, ਕਾਮਰੇਡ ਵਿਨੋਦ ਕੁਮਾਰ, ਸੁਰਿੰਦਰ ਆਦਿ ਹਾਜ਼ਰ ਸਨ। ਆਸ਼ੀਸ਼ ਮਹਾਜਨ ਨੇ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਅਤੇ ਉਨ੍ਹਾਂ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇਗੀ।