ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 8 ਸਤੰਬਰ
ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਨੂੰ ਪਹਿਲਾਂ ਜਿਹਾ ਹੱਸਦਾ-ਵੱਸਦਾ ਤੇ ਖੁਸ਼ੀਆਂ ’ਚ ਰੰਗਿਆ ਪੰਜਾਬ ਬਣਾਉਣ ਲਈ ਪ੍ਰਗਟਾਈ ਵਚਨਬੱਧਤਾ ’ਤੇ ਕਾਇਮ ਹੈ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਅਹਿਮ ਹਿੱਸਾ ਹੈ। ਇਹ ਪ੍ਰਗਟਾਵਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਬਾਬਾ ਬਲਰਾਜ ਸਟੇਡੀਅਮ ਬਲਾਚੌਰ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਬਲਾਚੌਰ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ, ਐੱਸਐੱਸਪੀ ਭਾਗੀਰਥ ਸਿੰਘ ਮੀਣਾ, ਐੱਸਡੀਐਮ ਸੂਬਾ ਸਿੰਘ, ਡੀਐਸਪੀ ਦਵਿੰਦਰ ਸਿੰਘ ਵੀ ਮੌਜੂਦ ਸਨ। ਵਿਧਾਇਕਾ ਕਟਾਰੀਆ ਨੇ ਕਿਹਾ, ‘‘ਪੰਜਾਬ ਦੀ ਨੌਜਵਾਨੀ ਨੂੰ ਸੰਭਾਲ ਕੇ ਹੀ ਸੂਬੇ ’ਚ ਖੁਸ਼ਹਾਲੀ ਤੇ ਤਰੱਕੀ ਲਿਆਂਦੀ ਜਾ ਸਕਦੀ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡ ਸਰਗਰਮੀਆਂ ’ਚ ਲਾਉਣ ਨਾਲ ਅਸੀਂ ਪੰਜਾਬ ਨੂੰ ਸਿਹਤਮੰਦ ਬਣਾ ਸਕਦੇ ਹਾਂ।’’ ਐਸਐੱਸਪੀ ਭਾਗੀਰਥ ਸਿੰਘ ਮੀਣਾ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਵੱਡਾ ਲਾਭ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ’ਚ ਮਿਲੇਗਾ। ਨੌਜਵਾਨਾਂ ਨੂੰ ਦੋ ਮਹੀਨੇ ਮੈਦਾਨਾਂ ’ਚ ਜੂਝਣ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਹੋਵੇਗੀ। ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਇਸ ਮੌਕੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਅੱਜ ਬਲਾਚੌਰ ਦੇੇ ਨਾਲ-ਨਾਲ ਸੜੋਆ ਬਲਾਕ ਦੀਆਂ ਖੇਡਾਂ ਵੀ ਸ਼ੁਰੂ ਕਰਵਾਈਆਂ ਗਈਆਂ ਹਨ ਜੋ ਸ਼ੁੱਕਰਵਾਰ ਨੂੰ ਖਤਮ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਕਬੱਡੀ ਸਰਕਲ ਸਟਾਈਲ ’ਚ ਅੰਡਰ-14 ਤੇ ਅੰਡਰ-21 ਵਿਚ ਰੱਤੇਵਾਲ ਦੀ ਟੀਮ ਨੇ ਪਹਿਲਾ, ਅੰਡਰ-17 ਪਨਿਆਲੀ ਕਲਾਂ ਦੀ ਕਬੱਡੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਅੰਡਰ-17 ਲੜਕੀਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਜਦਕਿ ਅੰਡਰ-14 ਲੜਕੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਦੀ ਟੀਮ ਜੇਤੂ ਰਹੀ। ਕਬੱਡੀ ਨੈਸ਼ਨਲ ਸਟਾਈਲ ’ਚ ਬੀਏਵੀ ਅਕੈਡਮੀ ਬਲਾਚੌਰ, ਅੰਡਰ-17 ਲੜਕੀਆਂ ’ਚ ਸ.ਕ.ਸ.ਸ.ਸਕੂਲ ਬਲਾਚੌਰ ਅੱਵਲ ਰਹੇ।