ਪਾਲ ਸਿੰਘ ਨੌਲੀ/ਨਰਿੰਦਰ ਸਿੰਘ ਧੋਥੜ
ਜਲੰਧਰ/ਗੁਰਾਇਆ, 7 ਅਗਸਤ
ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਫਿਲੌਰ ਤੋਂ ਨਾਰਾਜ਼ ਵਰਕਰਾਂ ਨੇ ਗੁਰਾਇਆ ਵਿੱਚ ਸੰਮੇਲਨ ਕਰ ਕੇ ਰੋਸ ਜਤਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੀਟਾਂ ਦੀ ਹੋਈ ਵੰਡ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। ਨਾਰਾਜ਼ ਪਾਰਟੀ ਵਰਕਰਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਬਸਪਾ ਲੀਡਰਸ਼ਿਪ ਨੇ ਪਾਰਟੀ ਦੇ ਬਾਨੀ ਪ੍ਰਧਾਨ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਵੇਚ ਦਿੱਤਾ ਹੈ। ਹੁਣ ਅਕਾਲੀ ਦਲ ਨਾਲ ਹੋਏ ਸਮਝੌਤੇ ਦੌਰਾਨ ਬਸਪਾ ਦੇ ਇਨ੍ਹਾਂ ਗ਼ਦਾਰਾਂ ਨੂੰ ਪਾਰਟੀ ਵਰਕਰ ਕਿਵੇਂ ਵੋਟਾਂ ਪਾਉਣ? ਨਾਰਾਜ਼ ਬਸਪਾ ਵਰਕਰਾਂ ਨੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੂੰ ਅਪੀਲ ਕੀਤੀ ਕਿ ਉਹ ਫਿਲੌਰ ਤੋਂ ਪਾਰਟੀ ਦੇ ਚੋਣ ਨਿਸ਼ਾਨ ‘ਹਾਥੀ’ ਉੱਤੇ ਲੜਨ ਲਈ ਵਰਕਰਾਂ ਦੀ ਰਮਜ਼ ਨੂੰ ਸਮਝਣ। ਇਨ੍ਹਾਂ ਨਾਰਾਜ਼ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਵਰਕਰ ਸੰਮੇਲਨ ਦਾ ਪ੍ਰਭਾਵ ਸਮੁੱਚੇ ਦੋਆਬੇ ਦੀਆਂ ਸੀਟਾਂ ’ਤੇ ਪਵੇਗਾ।
ਬਸਪਾ ਵਰਕਰਜ਼ ਸੰਮੇਲਨ ਨੂੰ ਸੰਬੋਧਨ ਕਰਦਿਆਂ ਨਾਰਾਜ਼ ਆਗੂ ਅੰਮ੍ਰਿਤਪਾਲ ਭੌਸਲੇ, ਰਾਮਜੀ ਦਾਸ ਬਿਰਦੀ, ਰਾਮ ਸਰੂਪ ਚੰਬਾ ਅਤੇ ਸੁਸ਼ੀਲ ਬਿਰਦੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਕੁਮਾਰੀ ਮਾਇਆਵਤੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਕੀਤੇ ਸਮਝੌਤੇ ਦਾ ਉਹ ਸਵਾਗਤ ਕਰਦੇ ਹਨ ਪਰ ਪੰਜਾਬ ਦੀ ਲੀਡਰਸ਼ਿਪ ਵੱਲੋਂ ਬਸਪਾ ਦੀਆਂ ਮਜ਼ਬੂਤ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ’ਤੇ ਵਰਕਰਾਂ ਵਿਚ ਗੁੱਸਾ ਤੇ ਨਿਰਾਸ਼ਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸੂਬਾਈ ਲੀਡਰਸ਼ਿਪ ਖ਼ਿਲਾਫ਼ ਪਹਿਲੀ ਸਤੰਬਰ ਨੂੰ ਦੋਆਬੇ ਵਿੱਚ ਪਰਦਾਫਾਸ਼ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਫਿਲੌਰ ਸੀਟ ਦੀ ਮੰਗ ਸਬੰਧੀ ਹਲਕਾ ਫਿਲੌਰ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਦੋ ਵਾਰ ਸੂਬਾ ਪ੍ਰਧਾਨ ਗੜ੍ਹੀ ਨੂੰ ਮਿਲੇ ਅਤੇ ਜਲੰਧਰ ਪਾਰਟੀ ਦਫ਼ਤਰ ਹੋਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਵੱਲੋਂ ਵਰਕਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਹਲਕਾ ਫਿਲੌਰ ਦੇ ਜ਼ਿੰਮੇਵਾਰ ਸਾਥੀਆਂ ਨੂੰ ਨਾਲ ਲੈ ਕੇ ਫਿਲੌਰ ਦੇ ਪੱਖ ਨੂੰ ਕੁਮਾਰੀ ਮਾਇਅਵਤੀ ਤੱਕ ਪਹੁੰਚਾਇਆ ਜਾਵੇਗਾ ਪਰ ਸੂਬਾ ਪ੍ਰਧਾਨ ਆਪਣੇ ਵਾਅਦੇ ’ਤੇ ਖਰਾ ਨਹੀਂ ਉੱਤਰ ਸਕੇ। ਬਸਪਾ ਵਰਕਰਾਂ ਨੇ ਇਕਜੁੱਟ ਹੁੰਦਿਆਂ ਪੰਜਾਬ ਦੀ ਸੂਬਾਈ ਲੀਡਰਸ਼ਿਪ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਡਟਣ ਦਾ ਫ਼ੈਸਲਾ ਲਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਾ ਪਾਉਣ ਦਾ ਅਹਿਦ ਲਿਆ।