ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਸਤੰਬਰ
ਸਹੁਰਿਆਂ ਤੋਂ ਤੰਗ ਆਈ ਵਿਆਹੁਤਾ ਨੇ ਆਪਣੇ ਮਾਪਿਆਂ ਦੇ ਘਰ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਮ੍ਰਿਤਕਾ ਦੀ ਪਛਾਣ ਰਜਨੀ (29) ਪੁੱਤਰੀ ਜੋਗਿੰਦਰ ਸਿੰਘ ਵਾਸੀ ਪਿੰਡ ਧੀਣਾ ਵਜੋਂ ਹੋਈ ਹੈ। ਰਜਨੀ ਦੇ ਭਰਾ ਹਰਜੀਤ ਕੁਮਾਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ, ਸੱਸ ਤੇ ਸੁਹਰਾ ਉਸ ’ਤੇ ਅੰਨ੍ਹਾ ਤਸ਼ੱਦਦ ਕਰਦੇ ਸਨ। ਹਰਜੀਤ ਕੁਮਾਰ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਮਨਜੀਤ ਸਿੰਘ ਨਾਲ ਹੋਇਆ ਸੀ ਤੇ ਉਸ ਦੇ ਦੋ ਬੱਚੇ ਇੱਕ ਲੜਕਾ ਤੇ ਇੱਕ ਲੜਕੀ ਵੀ ਹਨ। ਵਿਆਹ ਤੋਂ ਛੇਤੀ ਬਾਅਦ ਹੀ ਉਸ ਦੀ ਭੈਣ ਨੂੰ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਸੀ। ਅਕਸਰ ਹੀ ਉਸ ਦੀ ਭੈਣ ਇਸ ਬਾਰੇ ਸ਼ਿਕਾਇਤਾਂ ਕਰਦੀ ਰਹਿੰਦੀ ਸੀ। ਹੁਣ ਰਜਨੀ ਉਨ੍ਹਾਂ ਕੋਲ ਆ ਕੇ ਰਹਿੰਦੀ ਸੀ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪਤੀ ਕਾਬੂ
ਫਗਵਾੜਾ: ਕੱਲ੍ਹ ਇੱਥੇ ਪਿੰਡ ਸਾਹਨੀ ਵਿੱੱਚ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਮਾਰਨ ਦੇ ਸਬੰਧ ’ਚ ਅੱਜ ਰਾਵਲਪਿੰਡੀ ਪੁਲੀਸ ਨੇ ਪਤੀ ਪਵਨ ਕੁਮਾਰ ਵਾਸੀ ਪਿੰਡ ਸਾਹਨੀ ਨੂੰ ਗ੍ਰਿਫ਼ਤਾਰ ਕਰਕੇ, ਉਸ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਐੱਸਐੱਚਓ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਅਇਆ ਹੈ ਕਿ ਪਤੀ-ਪਤਨੀ ਦਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ ਸੀ ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਦਾ ਗੱਲਾ ਘੁੱਟ ਦਿੱਤਾ। -ਪੱਤਰ ਪ੍ਰੇਰਕ