ਸੁਰਜੀਤ ਮਜਾਰੀ
ਬੰਗਾ, 13 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ’ਚ ਚੱਲ ਰਹੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿੱਚ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਮੁੰਡਿਆਂ ਵਿੱਚੋਂ ਪ੍ਰਭਜੋਤ ਸਿੰਘ ਅਤੇ ਕੁੜੀਆਂ ਵਿੱਚੋਂ ਅਮਨਦੀਪ ਕੌਰ ਅੱਵਲ ਖਿਡਾਰੀ ਬਣੇ। ਖੇਡ ਮੁਕਾਬਲਿਆਂ ਦੀ ਉਦਘਾਟਨੀ ਰਸਮ ਗੁਰਦੁਆਰਾ ਚਰਨ ਕੰਵਲ ਦੇ ਪ੍ਰਬੰਧਕ ਜਸਵੀਰ ਸਿੰਘ ਮੰਗਲੀ ਨੇ ਨਿਭਾਈ। ਮੁੰਡਿਆਂ ਦੇ ਵਰਗ ’ਚ ਸੌ ਤੇ ਦੌ ਸੌ ਮੀਟਰ ਦੀ ਦੌੜ ਪ੍ਰਭਜੀਤ ਸਿੰਘ ਨੇ ਜਿੱਤੀ ਜਦੋਂਕਿ ਰਿਲੇਅ ਦੌੜ ’ਚ ਵੀ ਉਸ ਦੀ ਅਗਵਾਈ ਵਾਲੀ ਟੀਮ ਪਹਿਲੇ ਸਥਾਨ ’ਤੇ ਰਹੀ। ਸ਼ਾਟਪੁੱਟ, ਲੰਬੀ ਛਾਲ ਤੇ ਚਾਰ ਸੌ ਮੀਟਰ ਦੌੜ ’ਚ ਰਮਨਦੀਪ ਮੋਹਰੇ ਰਿਹਾ। ਕੁੜੀਆਂ ਦੇ ਵਰਗ ਵਿੱਚ ਸੌ, ਦੌ ਸੌ ਮੀਟਰ ਦੌੜ, ਸਪੂਨ ਦੌੜ ਅਤੇ ਸ਼ਾਰਟਪੁੱਟ ਵਿੱਚ ਅਮਨਦੀਪ ਨੇ ਪਹਿਲਾ ਸਥਾਨ ਹਾਸਲ ਕੀਤਾ। ਰਿਲੇਅ ਦੌੜ ’ਚ ਸੁਮਨ ਦੀ ਅਗਵਾਈ ਵਾਲੀ ਟੀਮ ਜੇਤੂ ਰਹੀ ਜਦੋਂਕਿ ਇੱਕ ਟੰਗੀ ਦੌੜ ’ਚ ਰਾਧਿਕਾ ਅੱਵਲ ਰਹੀ। ਪ੍ਰਿੰਸੀਪਲ ਰਣਜੀਤ ਸਿੰਘ ਨੇ ਕਾਲਜ ਦੀਆਂ ਖੇਡ ਖੇਤਰ ’ਚ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਨੀਅਰ ਮੀਤ ਪ੍ਰਧਾਨ ਜੱਥੇਦਾਰ ਗੁਰਬਖਸ਼ ਸਿੰਘ ਖਾਲਸਾ ਅਤੇ ਜ਼ਿਲ੍ਹਾ ਯੁਵਕ ਅਫ਼ਸਰ ਵੰਧਨਾ ਦਿਉ ਨੇ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਖੇਡ ਮੁਕਾਬਲਿਆਂ ਦੇ ਕੋ-ਆਰਡੀਨੇਟਰ ਪ੍ਰੋ. ਰੁਪਿੰਦਰ ਕੌਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਜਿਮਨਾਸਟਿਕ ਚੈਂਪੀਅਨਸ਼ਿਪ: ਐੱਸਐੱਸਐੱਮ ਕਾਲਜ ਨੇ ਰਨਰਅੱਪ ਟਰਾਫ਼ੀ ਜਿੱਤੀ
ਦੀਨਾਨਗਰ (ਪੱਤਰ ਪ੍ਰੇਰਕ): ਐੱਸਐੱਸਐੱਮ ਕਾਲਜ ਦੀਨਾਨਗਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ‘ਏ ਡਿਵੀਜ਼ਨ’ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਰਨਰਅੱਪ ਟਰਾਫ਼ੀ ਜਿੱਤੀ ਹੈ। ਕਾਲਜ ਦੇ ਖੇਡ ਵਿਭਾਗ ਮੁਖੀ ਡਾ. ਮੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੇ ਜਿਮਨਾਸਟਿਕ ਮੁਕਾਬਲਿਆਂ ਵਿੱਚ ਕਾਲਜ ਟੀਮ ਨੇ ਕੁੱਲ 12 ਮੈਡਲ ਜਿੱਤ ਕੇ ਦੋਵਾਂ ਵਰਗਾਂ ਵਿੱਚ ਰਨਰਅੱਪ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਖਿਡਾਰੀ ਸ਼ੁਭਮਪ੍ਰੀਤ, ਅਰਸ਼ਦੀਪ, ਨਿਸ਼ਾ ਅਤੇ ਨਵਜੋਤ ਦੀ ਯੂਨੀਵਰਸਿਟੀ ਦੇ ਟਰੇਨਿੰਗ ਕੈਂਪ ਲਈ ਚੋਣ ਹੋਈ ਹੈ ਜੋ ਅੱਗੇ ਜਾ ਕੇ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਨੇ ਰਨਰਅੱਪ ਟਰਾਫ਼ੀ ਜਿੱਤਣ ਲਈ ਖੇਡ ਵਿਭਾਗ ਮੁਖੀ ਡਾ. ਮੁਖਵਿੰਦਰ ਸਿੰਘ ਰੰਧਾਵਾ, ਪ੍ਰੋਫੈਸਰ ਰਾਜਿੰਦਰ ਕੁਮਾਰ ਅਤੇ ਕੋਚ ਮਨਦੀਪ ਸਿੰਘ ਸਮੇਤ ਖਿਡਾਰੀਆਂ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਜਿਮਨਾਸਟਿਕ ਕੋਚ ਰੁਪਾਲੀ ਅਤੇ ਕੋਮਲ ਵਰਮਾ ਨੂੰ ਵੀ ਵਧਾਈ ਦਿੱਤੀ।