ਪਾਲ ਸਿੰਘ ਨੌਲੀ
ਜਲੰਧਰ, 8 ਜੁਲਾਈ
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਦੇ ਸੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਏਜੰਡੇ ਦੇ ਵਿਰੋਧ ਦੀਆਂ ਸੁਰਾਂ ਨੂੰ ਜਬਰ ਨਾਲ ਦਬਾਉਣ ਦੀ ਤਾਨਾਸ਼ਾਹੀ ਪਹੁੰਚ ਅਤੇ ਲੋਕ ਮਾਰੂ-ਦੇਸ਼ ਵਿਰੋਧੀ ਨਵਉਦਾਰਵਾਦੀ ਨੀਤੀਆਂ ਖਿਲਾਫ਼ ਸੂਬੇ ਦੇ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਧਰਨਾ-ਪ੍ਰਦਰਸ਼ਨ ਕੀਤੇ ਗਏ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੀ ਰੋਸ ਰੈਲੀ ਨੂੰ ਸਾਥੀ ਮੰਗਤ ਰਾਮ ਪਾਸਲਾ, ਤਰਸੇਮ ਪੀਟਰ, ਬੰਤ ਬਰਾੜ, ਚਰਨਜੀਤ ਥੰਮੂਵਾਲ, ਹੰਸ ਰਾਜ ਪੱਬਵਾਂ, ਦਰਸ਼ਨ ਨਾਹਰ, ਰਣਜੀਤ ਸਿੰਘ ਔਲਖ, ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜਸਵਿੰਦਰ ਸਿੰਘ ਢੇਸੀ ਆਦਿ ਨੇ ਸੰਬੋਧਨ ਕਰਦਿਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਅਤੇ ਫਿਰਕੂ-ਫਾਸੀ ਸਾਜ਼ਿਸ਼ਾਂ ਵਿਰੁੱਧ ਤਿੱਖੇ ਸੰਘਰਸ਼ ਛੇੜਨ ਦਾ ਸੱਦਾ ਦਿੱਤਾ। ਦੇਸ਼ ਭਗਤ ਯਾਦਗਾਰ ਹਾਲ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕੀਤਾ ਗਿਆ ਤੇ ਉਥੇ ਕੁਝ ਸਮੇਂ ਲਈ ਧਰਨਾ ਵੀ ਲਾਇਆ ਗਿਆ। ਰੋਸ ਰੈਲੀਆਂ ਨੂੰ ਪਰਗਟ ਸਿੰਘ ਜਾਮਾਰਾਏ, ਅਜਮੇਰ ਸਿੰਘ ਸਮਰਾ, ਗੁਰਮੀਤ ਸਿੰਘ ਬਖਤਪੁਰ, ਕੰਵਲਜੀਤ ਖੰਨਾ, ਤਾਰਾ ਸਿੰਘ ਮੋਗਾ, ਕਿਰਨਜੀਤ ਸੇਖੋਂ ਤੇ ਨਰਿੰਦਰ ਕੁਮਾਰ ਨਿੰਦੀ ਨੇ ਵੀ ਸੰਬੋਧਨ ਕੀਤਾ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):
ਖੱਬੀਆਂ ਧਿਰਾਂ ਦੇ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਦੇ ਝੰਡੇ ਹੇਠ ਅੱਜ ਇੱਥੇ ਕੰਪਨੀ ਬਾਗ ਵਿਖੇ ਕੇਂਦਰ ਸਰਕਾਰ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਕਿਸਾਨ ਅਤੇ ਮਜ਼ਦੂਰ ਵਿਰੋਧੀ ਆਰਡੀਨੈਂਸ ਵਾਪਸ ਲਏ ਜਾਣ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਵਾਪਸ ਲਏ ਜਾਣ, ਸਿਹਤ ਤੇ ਸਿੱਖਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਬਿਜਲੀ ਐਕਟ 2020 ਰੱਦ ਕੀਤਾ ਜਾਵੇ।ਇਹ ਰੋਸ ਰੈਲੀ ਦੀ ਪ੍ਰਧਾਨਗੀ ਰਤਨ ਸਿੰਘ ਰੰਧਾਵਾ, ਲਖਬੀਰ ਸਿੰਘ ਰੰਧਾਵਾ, ਅਵਤਾਰ ਸਿੰਘ ਜੱਸੜ ਨੇ ਕੀਤੀ।
ਤਰਨ ਤਾਰਨ (ਗੁਰਬਖਸ਼ਪੁਰੀ):ਸੂਬੇ ਦੀਆਂ ਨੌਂ ਖੱਬੇ ਪੱਖੀ ਤੇ ਇਨਕਲਾਬੀ ਜਥੇਬੰਦੀਆਂ ’ਤੇ ਅਧਾਰਤ ‘ਫਾਸ਼ੀਵਾਦੀ ਹਮਲੇ ਵਿਰੋਧੀ ਫਰੰਟ’ ਵੱਲੋਂ ਅੱਜ ਇਥੋਂ ਦੇ ਗਾਂਧੀ ਮਿਉਂਸਪਲ ਪਾਰਕ ਵਿੱਚ ਰੈਲੀ ਦੌਰਾਨ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਖਿਲਾਫ਼ ਰੋਸ ਵਿਖਾਵਾ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿੱਚ ਮਾਰਚ ਵੀ ਕੀਤਾ|ਵਰਕਰਾਂ ਦੀ ਅਗਵਾਈ ਜਨਤਕ ਆਗੂ ਮੁਖਤਾਰ ਸਿੰਘ ਮੱਲ੍ਹਾ, ਤਾਰਾ ਸਿੰਘ ਖਹਿਰਾ, ਪਵਨ ਕੁਮਾਰ ਮਲਹੋਤਰਾ ਤੇ ਬਲਦੇਵ ਸਿੰਘ ਪੰਡੋਰੀ ਨੇ ਕੀਤੀ ਜਦਕਿ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਪੀਆਈ ਸਾਬਕਾ ਕੌਮੀ ਕੌਂਸਲ ਮੈਂਬਰ ਹਰਭਜਨ ਸਿੰਘ, ਆਰਐੱਮਪੀਆਈ ਦੇ ਸੂਬਾਈ ਕਾਰਜਕਾਰੀ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਸਮੇਤ ਪ੍ਰਿਥੀਪਾਲ ਸਿੰਘ ਮਾੜੀਮੇਘਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨਰਭਿੰਦਰ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਮਜ਼ਦੂਰ, ਕਿਸਾਨ ਅਤੇ ਆਮ ਲੋਕਾਂ ਦੇ ਹਿੱਤਾਂ ਖਿਲਾਫ਼ ਕਿਹਾ|
ਪਠਾਨਕੋਟ, (ਪੱਤਰ ਪ੍ਰੇਰਕ)ਫਾਸ਼ੀ ਹਮਲਿਆਂ ਵਿਰੋਧੀ ਫਰੰਟ ’ਚ ਸ਼ਾਮਲ ਖੱਬੀਆਂ ਪਾਰਟੀਆਂ ਸੀਪੀਆਈ, ਆਰਐਮਪੀਆਈ,ਸੀਪੀਆਈ ਐਮਐਲ (ਲਬਿਰੇਸ਼ਨ) ਦੇ ਆਗੂਆਂ ਕਾਮਰੇਡ ਜਸਬੀਰ ਸਿੰਘ, ਬਲਵੰਤ ਸਿੰਘ ਘੋਹ ਅਤੇ ਗੋਪਾਲ ਕ੍ਰਿਸ਼ਨ ਦੀ ਪ੍ਰਧਾਨਗੀ ਹੇਠ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਐਸਡੀਐਮ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।
ਧਰਨੇ ਨੂੰ ਕਾਮਰੇਡ ਸ਼ਿਵ ਕੁਮਾਰ, ਸੱਤਿਆ ਦੇਵ ਸੈਣੀ, ਅਸ਼ਵਨੀ ਕੁਮਾਰ ਹੈਪੀ, ਮਾਸਟਰ ਧਿਆਨ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਗੁਰਦਾਸਪੁਰ (ਜਤਿੰਦਰ ਬੈਂਸ): ਫਾਸ਼ੀਵਾਦੀ ਵਿਰੋਧੀ ਹਮਲਿਆਂ ਖਿਲਾਫ਼ ਗਠਿਤ ਫ਼ਰੰਟ ਦੇ ਸੱਦੇ ’ਤੇ ਪੰਜ ਖੱਬੀਆਂ ਪਾਰਟੀਆਂ ਦੇ ਕਾਰਕੁਨਾਂ ਵੱਲੋਂ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਰੈਲੀ ਕੀਤੀ ਗਈ । ਇਸ ਮੌਕੇ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਗਈ।
ਨਵਾਂਸ਼ਹਿਰ (ਲਾਜਵੰਤ ਸਿੰਘ): ਅੱਜ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਮੁਜ਼ਾਹਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਇਸਤੋਂ ਪਹਿਲਾਂ ਬੱਸ ਅੱਡੇ ਵਿਚ ਰੈਲੀ ਨੂੰ ਸੀ.ਪੀ.ਆਈ (ਐਮ.ਐਲ) ਨਿਊ ਡੈਮੋਕਰੇਸੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ, ਕਾਮਰੇਡ ਦਲਜੀਤ ਸਿੰਘ ਐਡਵੋਕੇਟ, ਬੀਬੀ ਗੁਰਬਖਸ਼ ਕੌਰ ਸੰਘਾ, ਜਸਬੀਰ ਦੀਪ, ਸੀ.ਪੀ.ਆਈ ਦੇ ਆਗੂ ਕਾਮਰੇਡ ਸੁਤੰਤਰ ਕੁਮਾਰ, ਪਰਮਿੰਦਰ ਮੇਨਕਾ, ਮੁਕੰਦ ਲਾਲ, ਇਨਕਲਾਬੀ ਮਾਰਕਸਵਾਦੀ ਪਾਰਟੀ ਭਾਰਤ ਦੇ ਆਗੂ ਕਾਮਰੇਡ ਸੋਹਨ ਸਿੰਘ ਸਲੇਮਪੁਰੀ,ਪ੍ਰਿੰਸੀਪਲ ਇਕਬਾਲ ਸਿੰਘ ਨੇ ਸੰਬੋਧਨ ਕੀਤਾ।