ਜਗਜੀਤ ਸਿੰਘ
ਮੁਕੇਰੀਆਂ, 11 ਮਈ
ਨੇੜਲੇ ਪਿੰਡ ਟਾਂਡਾ ਰਾਮ ਸਹਾਏ ਵਿੱਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਪ੍ਰਚਾਰ ਕਰਨ ਆਏ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਅਜ਼ਾਦ ਬਹਾਲੀ ਲਈ ਸਿਰਜੋੜ ਕੇ ਸੰਘਰਸ਼ ਕਰਨ ਦੀ ਲੋੜ ਹੈ। ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿਆਸੀ ਦਖ਼ਲਅੰਦਾਜੀ ਤੋਂ ਮੁਕਤ ਕਰਾਉਣ ਲਈ ਪਿੰਡ ਪਿੰਡ 5 ਮੈਂਬਰੀ ਕਮੇਟੀ ਗਠਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮੀ ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਮੁੜ ਬਹਾਲ ਕਰਾਉਣ, ਪਾਵਨ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਪਿਛਲੇ 19 ਮਹੀਨਿਆਂ ਤੋਂ ਸ੍ਰੀ ਅੰਮ੍ਰਿਤਸਰ ਵਿੱਚ ਮੋਰਚਾ ਲਗਾਇਆ ਹੋਇਆ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜੇ ਹੱਥਾਂ ਵਿੱਚ ਦੇਣ ਲਈ ਹਰ ਪਿੰਡ ਵਿੱਚ 5-5 ਮੈਂਬਰੀ ਇਕਾਈ ਗਠਿਤ ਕੀਤੀ ਜਾਵੇ। ਇਸ ਮੌਕੇ ਸੰਤੋਖ ਸਿੰਘ, ਸੇਵਾ ਮੁਕਤ ਚੀਫ ਇੰਜੀਨੀਅਰ ਨਿਰਮਲ ਸਿੰਘ, ਮੈਨੇਜ਼ਰ ਸੁਰਜੀਤ ਸਿੰਘ, ਸੂਬੇਦਾਰ ਅਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਹਾਜ਼ਰ ਸਨ।