ਪੱਤਰ ਪ੍ਰੇਰਕ
ਤਰਨ ਤਾਰਨ, 5 ਸਤੰਬਰ
ਜਾਅਲੀ ਵਸੀਅਤ ਬਣਾ ਕੇ ਅਦਾਲਤ ’ਚ ਪੇਸ਼ ਕਰਨ ਵਾਲੇ ਇਕ ਪੰਜ-ਮੈਂਬਰੀ ਗਰੋਹ ਦੇ ਇਕ ਮੈਂਬਰ ਨੂੰ ਥਾਣਾ ਸਿਟੀ ਦੀ ਪੁਲੀਸ ਨੇ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਗਰੋਹ ਦੇ ਮੈਂਬਰਾਂ ਵਿੱਚ ਜਸਵੰਤ ਸਿੰਘ, ਕੁਲਦੀਪ ਸਿੰਘ, ਮਨਿੰਦਰ ਸਿੰਘ, ਸੁਖਦੇਵ ਸਿੰਘ ਤੇ ਰਣਜੀਤ ਸਿੰਘ ਵਾਸੀ ਅੰਮ੍ਰਿਤਸਰ ਸ਼ਾਮਲ ਹਨ| ਕੇਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੁਖਦੇਵ ਸਿੰਘ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ| ਪੁਲੀਸ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣੇ ਪਰਿਵਾਰ ਦੇ ਦੂਰ-ਨੇੜਿਓਂ ਦੀ ਇਕ ਰਿਸ਼ਤੇਦਾਰ ਦੀ ਦੋ ਸਾਲ ਪਹਿਲਾਂ ਹੋਈ ਮੌਤ ਤੋਂ ਇਕ ਮਹੀਨਾ ਪਹਿਲਾਂ ਜਾਅਲੀ ਵਸੀਅਤ ਬਣਾ ਕੇ ਅਦਾਲਤ ’ਚ ਪੇਸ਼ ਕਰਕੇ 31 ਕਨਾਲ 15 ਮਰਲਾ ਜ਼ਮੀਨ ’ਤੇ ਆਪਣਾ ਹੱਕ ਜਤਾਇਆ ਸੀ| ਇਸ ਮਾਮਲੇ ਦੀ ਕੀਤੀ ਜਾਂਚ ਦੌਰਾਨ ਡੀਐੱਸਪੀ ਸੁੱਚਾ ਸਿੰਘ ਬਲ ਨੇ ਵਸੀਅਤ ’ਤੇ ਕੀਤੇ ਦਸਤਖਤਾਂ ਦੀ ਕੈਮੀਕਲ ਜਾਂਚ ਕਰਵਾਈ ਜਿਸ ਦੀ ਰਿਪੋਰਟ ’ਚ ਦਸਤਖਤ ਜਾਅਲੀ ਪਾਏ ਗਏ| ਕੇਸ ਦੇ ਚਾਰ ਮੁਲਜ਼ਮ ਫਰਾਰ ਚੱਲ ਰਹੇ ਹਨ| ਇਸ ਸਬੰਧੀ ਮੁਲਜ਼ਮਾਂ ਵਿਰੁੱਧ ਧਾਰਾ 419, 420, 465, 471, 120-ਬੀ ਹੇਠ ਕੇਸ ਦਰਜ ਕੀਤਾ ਗਿਆ ਹੈ|