ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਮਾਰਚ
ਪੁਲੀਸ ਨਾਕੇ ’ਤੇ ਹਵੇਲੀ ਰੈਸਤਰਾਂ ਦੇ ਸੀਈਓ ਨੂੰ ਪੁਲੀਸ ਮੁਲਾਜ਼ਮਾਂ ਨੂੰ ਨਸੀਹਤ ਦੇਣੀ ਮਹਿੰਗੀ ਪਈ। ਪੁਲੀਸ ਨਾਕੇ ’ਤੇ ਸੀਈਓ ਡੀਕੇ ਉਮੇਸ਼ ਦੀ ਸਿਰਫ ਏਨੀ ਗਲਤੀ ਸੀ ਕਿ ਉਸ ਨੇ ਬਿਨਾਂ ਹੈਲਮੇਟ ਤੇ ਬਿਨਾਂ ਮਾਸਕ ਦੇ ਮੋਟਰਸਾਈਕਲ ’ਤੇ ਜਾ ਰਹੇ ਦੋ ਪੁਲੀਸ ਮੁਲਾਜ਼ਮਾਂ ਦੀ ਜਾਣਕਾਰੀ ਪੁਲੀਸ ਨਾਕੇ ’ਤੇ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਰੋਕ ਕੇ ਲਾਪ੍ਰਵਾਹੀ ਵਰਤਣ ’ਤੇ ਚਲਾਨ ਕੱਟਿਆ ਜਾਵੇ। ਪੁਲੀਸ ਨਾਕੇ ’ਤੇ ਮੁਲਾਜ਼ਮ ਇਸ ਨਸੀਹਤ ਤੋਂ ਭੜਕ ਪਏ ਤੇ ਉਨ੍ਹਾਂ ਨੇ ਉਮੇਸ਼ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਪੀੜਤ ਨੇ ਇਸ ਸਬੰਧੀ ਪੁਲੀਸ ਕਮਿਸ਼ਨਰ ਕੋਲ ਵੀ ਸ਼ਿਕਾਇਤ ਕੀਤੀ ਹੈ।
ਹਵੇਲੀ ਰੈਸਤਰਾਂ ਦੇ ਸੀਈਓ ਉਮੇਸ਼ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਅੱਜ ਸਵੇਰੇ ਉਹ ਅਰਬਨ ਅਸਟੇਟ ਫੇਜ਼-2 ਦੇ ਗੀਤਾ ਮੰਦਰ ਕੋਲੋਂ ਲੰਘ ਰਿਹਾ ਸੀ। ਇਸ ਦੌਰਾਨ ਦੋ ਪੁਲੀਸ ਮੁਲਾਜ਼ਮ ਬਾਈਕ ’ਤੇ ਜਾ ਰਹੇ ਸਨ। ਦੋਵਾਂ ਨੇ ਨਾ ਤਾਂ ਮਾਸਕ ਲਾਇਆ ਹੋਇਆ ਸੀ ਤੇ ਨਾ ਹੀ ਹੈਲਮੈਟ ਪਾਇਆ ਹੋਇਆ ਸੀ। ਉਸ ਨੇ ਅੱਗੇ ਲੱਗੇ ਪੁਲੀਸ ਨਾਕੇ ’ਤੇ ਬਿਨਾਂ ਹੈਲਮੇਟ ਅਤੇ ਮਾਸਕ ਪਹਿਨੇ ਜਾ ਰਹੇ ਪੁਲੀਸ ਮੁਲਾਜ਼ਮਾਂ ਦਾ ਚਲਾਨ ਕੱਟਣ ਲਈ ਕਿਹਾ ਸੀ। ਪੁਲੀਸ ਕੋਲ ਪੁਲੀਸ ਮੁਲਾਜ਼ਮਾਂ ਦੀ ਸ਼ਿਕਾਇਤ ਲਗਾਉਣੀ ਹੀ ਉਸ ਨੂੰ ਮਹਿੰਗੀ ਪੈ ਗਈ।
ਥਾਣਾ ਮੁਖੀ ਵੱਲੋਂ ਜਾਂਚ ਦਾ ਭਰੋਸਾ
ਥਾਣਾ ਡਿਜ਼ੀਵਨ 7 ਦੇ ਐੱਸਐੱਚਓ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੁਨਾਹਕਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸੇ ਦੌਰਾਨ ਉਮੇਸ਼ ਨੇ ਦੋਸ਼ ਲਾਇਆ ਕਿ ਨਾਕੇ ’ਤੇ ਖੜ੍ਹੇ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਥੱਪੜ ਮਾਰੇ ਅਤੇ ਉਸ ’ਤੇ ਫਰਜ਼ੀ ਮੁਕੱਦਮਾ ਦਰਜ ਕਰਨ ਦੀ ਧਮਕੀ ਵੀ ਦਿੱਤੀ।