ਫਗਵਾੜਾ: ਲੇਖਕ ਤੇ ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ ਦੀ ਸਵੈ ਜੀਵਨੀ ’ਤੇ 50 ਸਾਲਾ ਪੱਤਰਕਾਰੀ ਦੇ ਸਫ਼ਰ ’ਤੇ ਕਿਤਾਬ ਰਿਲੀਜ਼ ਸਮਾਗਮ ਐਤਵਾਰ ਰਾਤ ਅੰਬੈਸਡਰ ਹੋਟਲ ’ਚ ਕਰਵਾਇਆ ਗਿਆ। ਸਟਾਰਚ ਮਿੱਲ ਦੇ ਐਮ.ਡੀ. ਕੁਲਦੀਪ ਸਰਦਾਨਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜਦਕਿ ਲੇਖਕ ਤੇ ਕਾਰਜਕਾਰੀ ਸੰਪਾਦਕ ਅਜੀਤ ਸਤਨਾਮ ਸਿੰਘ ਮਾਣਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨ ਤੋਂ ਆ ਕੇ ਰਾਹੋਂ ’ਚ ਖੇਤੀ ਕੀਤੀ। ਪਿੰਡ ਝਿੱਕਾ ਦੇ ਵਾਸੀ ਬਣੇ ਤੇ ਫ਼ਿਰ ਰੇਲਵੇ ’ਚ ਐਸ.ਡੀ.ਓ ਦੀ ਨੌਕਰੀ ਕੀਤੀ ਪਰ ਅਫ਼ਸਰਸ਼ਾਹੀ ਦੇ ਵਤੀਰੇ ਤੋਂ ਤੰਗ ਆ ਕੇ ਉਨ੍ਹਾਂ ਨੌਕਰੀ ਛੱਡੀ ਤੇ ਫਗਵਾੜਾ ਦੇ ਕਈ ਧੰਦੇ ਅਪਨਾ ਕੇ ਤਜ਼ਰਬਾ ਕੀਤਾ ਤੇ ਆਖਿਰ ਫ਼ਾਇਨਾਸ ਕੰਪਨੀ ਤੇ ਪੱਤਰਕਾਰੀ ਦੇ ਕੰਮ ’ਚ ਜੁਟੇ ਰਹੇ ਇਸ ਮੌਕੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਕਈ ਤਜ਼ਰਬੇ ਸਾਂਝੇ ਕੀਤੇ। ਵੱਖ ਵੱਖ ਬੁਲਾਰਿਆਂ ਨੇ ਉਨ੍ਹਾਂ ਦੇ ਇਮਾਨਦਾਰੀ ਤੇ ਸੱਚੀ ਸੁੱਚੀ ਪੱਤਰਕਾਰੀ ਦੀ ਭਰਪੂਰ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ