ਪੱਤਰ ਪ੍ਰੇਰਕ
ਹੁਸ਼ਿਆਰਪੁਰ, 1 ਨਵੰਬਰ
ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ ਫਤਿਹ ਸਿੰਘ ਵਿੱਚ ਪ੍ਰਿੰਸੀਪਲ ਸਲਿੰਦਰ ਸਿੰਘ ਕਾਜਲ ਦੀ ਪ੍ਰਧਾਨਗੀ ਹੇਠ ‘ਪੰਜਾਬ ਰਾਜ ਨੋ ਤੰਬਾਕੂ ਦਿਵਸ’ ਮੌਕੇ ਜਾਗਰੂਕਤਾ ਕੈਂਪ ਕਰਵਾਇਆ ਗਿਆ। ਇਸ ਦੌਰਾਨ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਚੱਕੋਵਾਲ ਨੇ ਕਿਹਾ ਕਿ ਸਿਗਰਟਨੋਸ਼ੀ ਜਾਂ ਕਿਸੇ ਵੀ ਤੰਬਾਕੂ ਪਦਾਰਥ ਦੀ ਲੱਤ ਤੋਂ ਛੁਟਕਾਰਾ ਮਜ਼ਬੂਤ ਇੱਛਾ ਸ਼ਕਤੀ ਅਤੇ ਸਵੈ ਵਚਨਬੱਧਤਾ ਨਾਲ ਹੀ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਅਕ ਅਦਾਰੇ ਦੇ ਸੌ ਗਜ ਦੇ ਘੇਰੇ ਅੰਦਰ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰੇਟ ਜਾਂ ਹੋਰ ਤੰਬਾਕੂ ਉਤਪਾਦ ਵੇਚਣਾ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਦੀ ਸਿੱਧੇ ਅਤੇ ਅਸਿੱਧੇ ਤੌਰ ’ਤੇ ਇਸ਼ਤਿਹਾਰਬਾਜੀ ’ਤੇ ਰੋਕ ਹੈ, ਇਸ ਦੀ ਉਲਘਣਾ ਕਰਨਾ ਕਾਨੂੰਨੀ ਜੁਰਮ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਤੰਬਾਕੂ ਪਦਾਰਥਾਂ ਦਾ ਇਸਤੇਮਾਲ ਨਾ ਕਰਨ ਸਬੰਧੀ ਸੰਹੁ ਚੁੱਕੀ ਗਈ। ਇਸ ਮੌਕੇ ਡਾ. ਸੁਰਿੰਦਰ ਸਿੰਘ, ਰਮਨਦੀਪ ਕੌਰ, ਪ੍ਰਵੀਨ ਕੁਮਾਰ, ਮਨਜੀਤ ਸਿੰਘ, ਰਵਿੰਦਰਪਾਲ ਸਿੰਘ, ਵੰਦਨਾ ਵਿਰਲੀ, ਲਖਜੀਤ ਸਿੰਘ, ਰਵਿੰਦਰ ਕੌਰ ਆਦਿ ਮੌਜੂਦ ਸਨ।