ਗੁਰਦੇਵ ਸਿੰਘ ਗਹੂੰਣ
ਬਲਾਚੌਰ, 12 ਮਾਰਚ
ਇੱਥੋਂ ਨੇੜਲੇ ਪਿੰਡ ਬੂਲੇਵਾਲ ਵਿਚ ਅੱਜ ਸਵੇਰੇ ਸੜਕ ਹਾਦਸਾ ਵਾਪਰ ਗਿਆ। ਰੱਤੇਵਾਲ ਤੋਂ ਬਲਾਚੌਰ ਵੱਲ ਜਾ ਰਹੀ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਦੇ ਹੇਠਾਂ ਆਉਣ ਕਾਰਨ ਪਰਵਾਸੀ ਮਜ਼ਦੂਰ ਦੇ 10 ਸਾਲਾ ਪੁੱਤਰ ਅਨਮੋਲ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਨਮੋਲ ਆਪਣੇ ਮਾਪਿਆਂ ਨਾਲ ਬਲਾਚੌਰ ਵੱਲੋਂ ਆ ਰਿਹਾ ਸੀ ਤਾਂ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਹੇਠਾਂ ਆ ਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੈਕਟਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪਿੰਡ ਬੂਲੇਵਾਲ ਦੇ ਲੋਕਾਂ ਨੇ ਇਕੱਠੇ ਹੋ ਕੇ ਬੱਚੇ ਨੂੰ ਸਿਵਲ ਹਸਪਤਾਲ ਬਲਾਚੌਰ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬੂਲੇਵਾਲ ਦੇ ਲੋਕਾਂ ਨੇ ਨਾਜਾਇਜ਼ ਖਣਨ ਵਿੱਚ ਸ਼ਾਮਲ ਟਰੈਕਟਰ-ਟਰਾਲੀ ਤੋਂ ਇਲਾਵਾ ਇੱਕ ਬਿਨਾਂ ਨੰਬਰੀ ਜੇਸੀਬੀ ਮਸ਼ੀਨ ਵੀ ਬਲਾਚੌਰ ਪੁਲੀਸ ਸਪੁਰਦ ਕੀਤੀ। ਅਲਮੋਲ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਰੱਤੇਵਾਲ ਅਤੇ ਗਹੂੰਣ ਆਦਿ ਪਿੰਡਾਂ ਦੇ ਰਕਬਿਆਂ ਵਿੱਚ ਨਾਜਾਇਜ਼ ਖਣਨ ਜ਼ੋਰਾਂ ’ਤੇ ਚੱਲ ਰਹੀ ਹੈ। ਓਵਰਲੋਡ ਟਰੈਕਟਰ ਟਰਾਲੀਆਂ ਵਾਲੇ ਉੱਚੀ ਆਵਾਜ਼ ਵਿੱਚ ਡੈੱਕ ਲਗਾ ਕੇ ਜਾਂ ਕੰਨਾਂ ਵਿੱਚ ਹੈੱਡਫੋਨ ਲਗਾ ਕੇ ਤੇਜ਼ ਰਫ਼ਤਾਰ ਵਿੱਚ ਵਾਹਨ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਬਾਰੇ ਕੋਈ ਕਾਰਵਾਈ ਨਹੀਂ ਕਰ ਰਿਹਾ।
ਥਾਣਾ ਸਿਟੀ ਬਲਾਚੌਰ ਪੁਲੀਸ ਵੱਲੋਂ ਮ੍ਰਿਤਕ ਬੱਚੇ ਦੇ ਪਿਤਾ ਅਸ਼ੋਕ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।