ਪੱਤਰ ਪ੍ਰੇਰਕ
ਗੜ੍ਹਸ਼ੰਕਰ, 19 ਨਵੰਬਰ
ਇੱਥੇ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਡੀਵਾਈਐੱਫਆਈ ਵੱਲੋਂ ਨੌਜਵਾਨਾਂ ਦਾ ਇਕੱਠ ਕਰਕੇ ਜਸਪ੍ਰੀਤ ਸਿੰਘ ਜੱਸੀ ਭੱਜਲਾਂ, ਬਲਰਾਮ ਸਿੰਘ ਡੰਗੋਰੀ ਅਤੇ ਗੌਰਵ ਕੁਮਾਰ ਬੱਡੋਵਾਣ ਦੀ ਪ੍ਰਧਾਨਗੀ ਹੇਠ ਜਨਰਲ ਬਾਡੀ ਮੀਟਿੰਗ ਕੀਤੀ ਗਈ। ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀਵਾਈਐੱਫਆਈ) ਪੰਜਾਬ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਨਾਗੀ ਨੇ ਕਿਹਾ ਕਿ ਨੌਜਵਾਨਾਂ ਨੂੰ ਵਿਸ਼ਾਲ ਏਕਾ ਕਰ ਕੇ ਮੌਜੂਦਾ ਸਰਕਾਰਾਂ ਪਾਸੋਂ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਤੋਂ ਸੇਧ ਲੈ ਕੇ ਆਪਣੇ ਹੱਕੀ ਸੰਘਰਸ਼ ਵਿੱਚ ਕੁੱਦ ਕੇ ਜਮਾਤੀ ਸੰਘਰਸ਼ ਲਈ ਲਾਮਵੰਦ ਹੋਣਾ ਚਾਹੀਦਾ ਹੈ। ਮੀਟਿੰਗ ਵਿੱਚ ਸਾਬਕਾ ਸੂਬਾ ਮੀਤ ਪ੍ਰਧਾਨ ਸਾਥੀ ਗੁਰਨੇਕ ਸਿੰਘ ਭੱਜਲ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਤਹਿਸੀਲ ਗੜ੍ਹਸ਼ੰਕਰ ਵਿੱਚ ਜਥੇਬੰਦੀ ਦੇ ਕੰਮ ਦਾ ਸੰਚਾਲਨ ਕਰਨ ਲਈ 9 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਤਿੰਨ ਸੀਟਾਂ ਖਾਲੀ ਰੱਖ ਕੇ ਬਲਰਾਮ ਸਿੰਘ ਡੰਗੋਰੀ ਨੂੰ ਤਹਿਸੀਲ ਗੜ੍ਹਸ਼ੰਕਰ ਦਾ ਕਨਵੀਨਰ ਚੁਣਿਆ ਗਿਆ ਤੇ ਜਸਪ੍ਰੀਤ ਸਿੰਘ ਜੱਸੀ ਭੱਜਲਾਂ, ਗੌਰਵ ਕੁਮਾਰ ਬੱਡੋਵਾਲ, ਗੁਰਦੀਪ ਸਿੰਘ ਦੀਪ ਕੋਟ, ਪੰਕਜ ਮਹਿੰਦਵਾਣੀ ਅਤੇ ਬਰਿੰਦਰ ਬੱਡੋਵਾਲ ਤਹਿਸੀਲ ਕਮੇਟੀ ਵਿੱਚ ਮੈਂਬਰ ਚੁਣੇ ਗਏ।