ਹਰਪ੍ਰੀਤ ਕੌਰ
ਹੁਸ਼ਿਆਰਪੁਰ, 23 ਜੁਲਾਈ
ਬੀਤੇ ਦਿਨ ਵਿਜੀਲੈਂਸ ਬਿਊਰੋ ਵੱਲੋਂ ਕੇਂਦਰੀ ਸਹਿਕਾਰੀ ਬੈਂਕ ਦੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ’ਚ ਅੱਜ ਕੇਂਦਰੀ ਸਹਿਕਾਰੀ ਬੈਂਕ ਦੀ ਮੁੱਖ ਸ਼ਾਖਾ ਰੇਲਵੇ ਰੋਡ ਵਿਖੇ ਮੁਲਾਜ਼ਮਾਂ ਨੇ ਰੋਸ ਰੈਲੀ ਕੀਤੀ। ਇਸ ਮੌਕੇ ਵਿਜੀਲੈਂਸ ਦੀ ਕਾਰਵਾਈ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮੁਲਾਜ਼ਮ ਯੂਨੀਅਨ ਆਗੂ ਫਕੀਰ ਸਿੰਘ ਸਹੋਤਾ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬੈਂਕ ਦੇ ਮੁਲਾਜ਼ਮਾਂ ਨੇ ਆਪਣੇ ਕਾਰਜਕਾਲ ਦੌਰਾਨ ਵਧੀਆ ਸੇਵਾਵਾਂ ਨਿਭਾਈਆਂ ਅਤੇ ਕਈ ਬੇਦਾਗ ਸੇਵਾਮੁਕਤ ਵੀ ਹੋਏ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਜਿਸ ਮਾਮਲੇ ਤਹਿਤ ਕੇਸ ਦਰਜ ਕੀਤਾ ਗਿਆ ਹੈ, ਉਸ ਬਾਰੇ ਬੈਂਕ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਬੈਂਕ ਦਾ ਪੱਖ ਸੁਣਿਆ ਗਿਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਇਸ ਕਾਰਵਾਈ ਨਾਲ ਬੈਂਕ ਅਤੇ ਮੁਲਾਜ਼ਮਾਂ ਦੇ ਅਕਸ ਨੂੰ ਠੇਸ ਪੁੱਜੀ ਹੈ। ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬੇਅੰਤ ਸਿੰਘ ਰੰਧਾਵਾ ਨੇ ਵੀ ਵਿਜੀਲੈਂਸ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੈਂਕ ਮੁਲਾਜ਼ਮਾਂ ਖਿਲਾਫ਼ ਦਰਜ ਕੀਤੇ ਕੇਸ ਨੂੰ ਰੱਦ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੇਵਾਮੁਕਤ ਕਰਮਚਾਰੀ ਅਮਰਜੀਤ ਚੌਧਰੀ, ਸੁੱਚਾ ਸਿੰਘ ਝਾਵਰ, ਕ੍ਰਿਸ਼ਨ ਗੋਪਾਲ, ਸੀਨੀਅਰ ਮੈਨੇਜਰ ਮਨਮਿੰਦਰ, ਜਨਰਲ ਸਕੱਤਰ ਰੋਹਿਤ ਕੌਸ਼ਲ, ਮੈਨੇਜਰ ਗੁਰਜੀਤ ਸਿੰਘ ਸੈਣੀ, ਬਰਾਂਚ ਮੈਨੇਜਰ ਵਰਿੰਦਰ ਬਿਕਰਮ ਸਿੰਘ, ਕੁੰਦਨ ਲਾਲ ਮੌਜੂਦ ਸਨ।