ਜਗਜੀਤ ਸਿੰਘ
ਮੁਕੇਰੀਆਂ, 11 ਜੂਨ
ਹਰ ਪਾਰਟੀ ਸਰਕਾਰ ਬਣਨ ’ਤੇ ਕੰਢੀ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦਾ ਦਾਅਵਾ ਤਾਂ ਕਰਦੀ ਹੈ, ਪਰ ਅਸਲ ਵਿੱਚ ਕੰਢੀ ਦੇ ਲੋਕਾਂ ਨੂੰ ਹਮੇਸ਼ਾ ਹੀ ਗਰਮੀ ਦੇ ਦਿਨਾਂ ਵਿੱਚ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਕੰਢੀ ਦੇ ਪਿੰਡ ਬਹਿਜੋਗਨ ਦੇ ਵਾਰਡ ਨੰਬਰ 4 ਅਧੀਨ ਪੈਂਦੇ ਮਹਾਸ਼ਿਆਂ ਦਾ ਮੁੱਹਲਾ ਦੇ ਕਰੀਬ ਦੋ ਦਰਜਨ ਵਸਨੀਕ ਪਿਛਲੇ 3 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਪਿੰਡ ਵਿੱਚ ਵਿਰੋਧੀ ਧਿਰ ਦਾ ਸਰਪੰਚ ਹੋਣ ਕਾਰਨ ਜਲ ਸਪਲਾਈ ਮੁਲਾਜ਼ਮ ਉਸਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ। ਪਿੰਡ ਦੇ ਵਸਨੀਕ ਅਵਤਾਰ ਸਿੰਘ, ਦੇਸਰਾਜ, ਰਾਮਪਾਲ, ਧਰਮਪਾਲ, ਓਮਰਾਜ, ਕਮਲੇਸ਼ ਕੁਮਾਰੀ, ਰਾਣੋਂ ਦੇਵੀ, ਇੰਦਰਜੀਤ ਕੌਰ, ਦਰਸ਼ਨਾ ਦੇਵੀ, ਅੰਜਨਾ ਦੇਵੀ, ਬੀਨਾ ਦੇਵੀ, ਆਸ਼ਾ ਦੇਵੀ, ਰੇਖਾ ਰਾਣੀ ਤੇ ਭਗਤ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਉਨ੍ਹਾਂ ਦੇ ਮੁਹੱਲੇ ਨੁੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਜਦੋਂਕਿ ਪਿੰਡ ਦੇ ਕੁਝ ਰਸੂਖ਼ਦਾਰ ਲੋਕਾਂ ਵੱਲੋਂ ਵਿਭਾਗੀ ਮੁਲਾਜ਼ਮ ਨਾਲ ਮਿਲ ਕੇ ਛੋਟੀਆਂ ਮੋਟਰਾਂ ਰਾਹੀਂ ਪੀਣਯੋਗ ਪਾਣੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਪਹਿਲਾਂ ਮੁਹੱਲੇ ਨੂੰ ਪੀਣ ਵਾਲਾ ਪਾਣੀ ਹਫਤੇ ਵਿੱਚ ਦੋ ਵਾਰ ਮਿਲਦਾ ਸੀ, ਪਰ ਜਦੋਂ ਦੀ ਸੂਬੇ ਅੰਦਰ ਸਰਕਾਰ ਬਦਲੀ ਹੈ ਅਤੇ ਆਮ ਆਦਮੀ ਦੀ ਸਰਕਾਰ ਅਈ ਹੈ, ਉਨ੍ਹਾਂ ਦੇ ਮੁਹੱਲੇ ਦੀਆਂ ਪਾਣੀ ਦੀਆਂ ਟੂਟੀਆਂ ਵਿੱਚ ਬੂੰਦ ਤੱਕ ਪਾਣੀ ਨਹੀਂ ਆਉਂਦਾ।
ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਮਰਥਕ ਹਨ, ਜਦੋਂਕਿ ਪਿੰਡ ਦਾ ਸਰਪੰਚ ਵਿਰੋਧੀ ਧਿਰ ਕਾਂਗਰਸ ਨਾਲ ਸਬੰਧਿਤ ਹੈ, ਜਿਸ ਕਾਰਨ ਵਾਰ ਵਾਰ ਸ਼ਿਕਾਇਤ ਕਰਨ ’ਤੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪਿੰਡ ਨੂੰ ਪਾਣੀ ਸਪਲਾਈ ਕਰਨ ਵਾਲਾ ਵਿਭਾਗੀ ਮੁਲਾਜ਼ਮ ਸਰਪੰਚ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਅੱਤਿ ਦੀ ਗਰਮੀ ’ਚ ਵੀ ਨਹੀਂ ਮਿਲ ਰਿਹਾ। ਜਦੋਂਕਿ ਬਾਕੀ ਸਾਰੇ ਪਿੰਡ ਨੂੰ ਪਾਣੀ ਦੋ ਟਾਈਮ ਨਿਰੰਤਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਸੂਖ਼ਦਾਰਾਂ ਵੱਲੋਂ ਘਰਾਂ ਵਿੱਚ ਮੋਟਰਾਂ ਲਗਾ ਕੇ ਸਬਜ਼ੀਆਂ ਦੀ ਖੇਤੀ ਕੀਤੀ ਜਾ ਰਹੀ ਹੈ।
ਕੀ ਕਹਿੰਦੇ ਨੇ ਸਰਪੰਚ ਅਤੇ ਐੱਸਡੀਓ
ਇਸ ਸਬੰਧੀ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੁਝ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ, ਜਿਸਦੇ ਹੱਲ ਲਈ ਵਿਭਾਗੀ ਅਧਿਕਾਰੀਆਂ ਨੂੰ ਆਖਿਆ ਗਿਆ ਹੈ। ਵਿਭਾਗ ਦੇ ਐੱਸਡੀਓ ਸੱਤਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਭਲਕੇ ਸਬੰਧਿਤ ਮੁਹੱਲੇ ਦਾ ਦੌਰਾ ਕਰਕੇ ਲੋਕਾਂ ਦਾ ਪੀਣ ਵਾਲੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗੀ ਮੁਲਾਜ਼ਮ ਵੱਲੋਂ ਪੱਖਪਾਤ ਕਰਨ ਦੀਆਂ ਸ਼ਿਕਾਇਤਾਂ ਮਿਲਣ ਕਾਰਨ ਉਸਦਾ ਤਬਾਦਲਾ ਦੂਜੀ ਸਕੀਮ ਅਧੀਨ ਕੀਤਾ ਜਾ ਰਿਹਾ ਹੈ।