ਪੱਤਰ ਪ੍ਰੇਰਕ
ਤਲਵਾੜਾ, 6 ਨਵੰਬਰ
ਇੱਥੇ ਬੀਬੀਐਮਬੀ ਹਸਪਤਾਲ ਵਿੱਚ ਬੰਦ ਪਈਆਂ ਐਮਰਜੈਂਸੀ ਸੇਵਾਵਾਂ ਬਹਾਲ ਕਰਾਉਣ ਅਤੇ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਦੇ ਹੱਕ ਵਿੱਚ ਭਾਖੜਾ ਬਿਆਸ ਐਂਪਲਾਈਜ਼ ਯੂਨੀਅਨ (ਏਟਕ-ਏਫ਼ੀ) ਦੀ ਸਥਾਨਕ ਇਕਾਈ ਵੱਲੋਂ ਚੀਫ਼ ਇੰਜਨੀਅਰ ਦਫ਼ਤਰ ਮੂਹਰੇ ਰੋਸ ਰੈਲੀ ਕੀਤੀ ਗਈ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਅਸ਼ੋਕ ਕੁਮਾਰ ਨੇ ਬੀਬੀਐੱਮਬੀ ਪ੍ਰਸ਼ਾਸਨ ਵੱਲੋਂ ਸਾਲ 2022-23 ਅਤੇ 2023-24 ਲਈ ਮੁਲਾਜ਼ਮਾਂ ਨੂੰ ਇੰਸੈਂਟਿਵ ਨਾ ਦੇਣ ’ਤੇ ਚਿੰਤਾ ਜ਼ਾਹਿਰ ਕੀਤੀ। ਨਾਲ ਹੀ ਬਿਆਸ ਡੈਮ ਦੇ ਮਹੱਤਵਪੂਰਨ ਪ੍ਰਾਜੈਕਟ ਬੀਬੀਐੱਮਬੀ ਹਸਪਤਾਲ ਵਿੱਚ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਬੰਦ ਪਈਆਂ ਐਮਰਜੈਂਸੀ ਸੇਵਾਵਾਂ ਨੂੰ ਵਿਭਾਗ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਨਾਲਾਇਕੀ ਦੱਸਿਆ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਡਾਕਟਰੀ ਅਤੇ ਹੋਰ ਅਮਲੇ ਦੀ ਘਾਟ ਕਾਰਨ 100 ਬਿਸਤਰਿਆਂ ਦਾ ਇਹ ਹਸਪਤਾਲ ਮੁਲਾਜ਼ਮਾਂ ਤੇ ਨੇੜਲੇ ਖੇਤਰਾਂ ਦੇ ਲੋਕਾਂ ਲਈ ਸਫੈਦ ਹਾਥੀ ਬਣ ਗਿਆ ਹੈ। ਐਮਰਜੈਂਸੀ ਸੇਵਾਵਾਂ ਬੰਦ ਹੋਣ ਕਾਰਨ ਲੋਕ ਮੁਕੇਰੀਆਂ ਤੇ ਦਸੂਹਾ ਜਾਣ ਲਈ ਮਜਬੂਰ ਹਨ। ਯੂਨੀਅਨ ਦੇ ਸਕੱਤਰ ਸ਼ਿਵ ਕੁਮਾਰ ਨੇ ਮੁਲਾਜ਼ਮਾਂ ਦਾ ਬਣਦਾ ਇੰਸੈਂਟਿਵ ਜਲਦੀ ਜਾਰੀ ਕਰਨ ਅਤੇ ਬੀਬੀਐੱਮਬੀ ਹਸਪਤਾਲ ਵਿੱਚ ਡਾਕਟਰਾਂ ਦਾ ਯੋਗ ਪ੍ਰਬੰਧ ਕਰ ਕੇ ਐਮਰਜੈਂਸੀ ਸੇਵਾਵਾਂ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਆਗੂਆਂ ਨੇ ਮੰਗਾਂ ਨਾ ਮੰਨਣ ’ਤੇ 23 ਦਸੰਬਰ ਤੋਂ ਸੰਘਰਸ਼ ਨੂੰ ਤੇਜ਼ ਕਰਨ ਤੇ ਨਵੇਂ ਸਾਲ ਵਿੱਚ 8 ਜਨਵਰੀ ਤੋਂ ਚੰਡੀਗੜ੍ਹ ਸਥਿਤ ਬੋਰਡ ਦੇ ਦਫ਼ਤਰ ਅੱਗੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਮੁਲਾਜ਼ਮਾਂ ਨੇ ਬੀਬੀਐਮਬੀ ਭਾਈਵਾਲ ਰਾਜ ਸਰਕਾਰਾਂ ਅੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਵਿੱਚ ਪ੍ਰੀਤਮ ਚੰਦ, ਸੋਮ ਰਾਜ ਆਦਿ ਨੇ ਸੰਬੋਧਨ ਕੀਤਾ।