ਦਲੇਰ ਸਿੰਘ ਚੀਮਾ
ਭੁਲੱਥ, 19 ਅਕਤੂਬਰ
ਇਥੋਂ ਦੀ ਭੁਲੱਥ-ਭੋਗਪੁਰ ਸੜਕ ਤੇ ਚੌਕ ਬਜਾਜ ਵਿੱਚ ਲੋਕਾਂ ਨੇ ਟਰੱਕਾਂ ਤੇ ਟਰਾਲਿਆਂ ਦੀ ਓਵਰ ਲੋਡਿੰਗ ਕਾਰਨ ਬਿਜਲੀ ਦੀਆਂ ਤਾਰਾਂ ਟੁੱਟਣ ਤੇ ਸਪਲਾਈ ਬੰਦ ਹੋਣ ਦੇ ਵਿਰੋਧ ਵਿੱਚ ਜਾਮ ਲਾ ਕੇ ਰੋਸ ਪ੍ਰਗਟਾਇਆ।
ਦੁਕਾਨਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਚੌਕ ਬਜਾਜ ਵਿਚਲੀ ਦਾਣਾ ਮੰਡੀ ਜੋ ਕਿ ਬਜਾਜ ਤੇ ਭਟਨੂਰਾ ਕਲਾਂ ਦੀ ਜ਼ਮੀਨ ਵਿੱਚ ਪੈਂਦੀ ਹੈ ਵਿਚੋਂ ਵਿਕੇ ਹੋਏ ਝੋਨੇ ਦੀ ਚੁਕਾਈ ਲਈ ਟਰੱਕਾਂ ਤੇ ਟਰਾਲਿਆਂ ਦੀ ਵੱਡੇ ਪੱਧਰ ’ਤੇ ਓਵਰ ਲੋਡਿਗ ਹੁੰਦੀ ਹੈ। ਇਸ ਕਾਰਨ ਅਕਸਰ ਇਲਾਕੇ ਦੀਆਂ ਬਿਜਲੀ ਦੀਆਂ ਤਾਰਾਂ ਇਨ੍ਹਾਂ ਟਰੱਕਾਂ ਦੀ ਲਪੇਟ ਵਿੱਚ ਆ ਕੇ ਟੁੱਟ ਜਾਂਦੀਆਂ ਹਨ ਤੇ ਬਿਜਲੀ ਸਪਲਾਈ ਠੱਪ ਹੋ ਜਾਂਦੀ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੇੈਂਦਾ ਹੈ। ਬਿਜਲੀ ਸਪਲਾਈ ਦਾ ਇਹ ਨੁਕਸ ਕਈ ਕਈ ਦਿਨਾਂ ਬਾਅਦ ਠੀਕ ਹੁੰਦਾ ਹੈ। ਸਰਪੰਚ ਫਤਹਿ ਪੁਰ ਚਰਨਜੀਤ ਸਿੰਘ ਵਿਰਕ, ਸਰਪੰਚ ਜੈਦ ਹਰਵਿੰਦਰ ਸਿੰਘ ਰਿੰਕੂ, ਲੰਬੜਦਾਰ ਪਰਮਜੀਤ ਸਿੰਘ ਸਾਹੀ, ਸੰਦੀਪ ਸਿੰਘ, ਹਰਭਜਨ ਸਿੰਘ ਆਦਿ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਨ ਆਵਾਜਾਈ ਰੋਕ ਕੇ ਰੋਸ ਪ੍ਰਗਟਾਇਆ ਗਿਆ। ਉਧਰ ਜਾਮ ਦਾ ਪਤਾ ਲੱਗਦੇ ਹੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਮੁਜ਼ਾਹਰਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਚਾਰ ਘੰਟਿਆਂ ਬਾਅਦ ਪੁਲਸ ਦੇ ਦਖ਼ਲ ਨਾਲ ਆੜ੍ਹਤੀਆਂ ਵਲੋਂ ਓਵਰਲੋਡਿੰਗ ਘੱਟ ਕਰਨ ਤੇ ਬਿਜਲੀ ਵਿਭਾਗ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਅਤੇ ਬਿਜਲੀ ਵਿਭਾਗ ਵਲੋਂ ਬਿਜਲੀ ਦੀ ਸਪਲਾਈ ਜਲਦ ਬਹਾਲ ਕਰਨ ਦੇ ਭਰੋਸੇ ਮਗਰੋਂ ਲੋਕਾਂ ਨੇ ਜਾਮ ਖੋਲ੍ਹਿਆ। ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।