ਕਬੱਡੀ ਸ਼ੋਅ ਮੈਚ ’ਚ ਬਿਹਾਰੀਪੁਰ ਦੀ ਟੀਮ ਡੇਢ ਅੰਕ ਨਾਲ ਜੇਤੂ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 5 ਸਤੰਬਰ
ਪਿੰਡ ਭੁੰਬਲੀ ਵਿੱਚ ਬਾਬਾ ਚੱਠਾ ਯਾਦਗਾਰੀ ਦੋ ਰੋਜ਼ਾ ਸਾਲਾਨਾ ਸੱਭਿਆਚਾਰਕ ਅਤੇ ਖੇਡ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਗੁਰਮੀਤ ਸਿੰਘ ਪਾਹੜਾ ਚੇਅਰਮੈਨ ਲੇਬਰ ਸੈੱਲ ਪੰਜਾਬ ਨੇ ਕੀਤਾ। ਕਬੱਡੀ ਮੁਕਾਬਲਿਆਂ ਵਿੱਚ ਬਾਬਾ ਦੁੱਲੇਸ਼ਾਹ ਕਬੱਡੀ ਟੀਮ ਕੋਟਲੀ ਸੂਰਤਮੱਲ੍ਹੀ ਦੀ ਟੀਮ ਤੋਂ 9 ਅੰਕ ਵੱਧ ਲੈ ਕੇ ਜੇਤੂ ਰਹੀ। ਇਸ ਮੌਕੇ ਪਹਿਲਵਾਨਾਂ ਦੀਆਂ 30 ਕੁਸ਼ਤੀਆਂ ਕਰਵਾਈਆਂ। ਦੂਜੇ ਦਿਨ ਕੌਮਾਂਤਰੀ ਖਿਡਾਰੀਆਂ ਦੀਆਂ ਟੀਮਾਂ ਕਬੱਡੀ ਕਲੱਬ ਬਿਹਾਰੀਪੁਰ ਅਤੇ ਕਬੱਡੀ ਕਲੱਬ ਕੜਿਆਲ ਵਿਚਾਲੇ ਕਬੱਡੀ ਸ਼ੋਅ ਮੈਚ ਹੋਇਆ, ਜਿਨ੍ਹਾਂ ’ਚੋਂ ਬਿਹਾਰੀਪੁਰ ਦੀ ਟੀਮ ਡੇਢ ਅੰਕਾਂ ਦੇ ਫਰਕ ਨਾਲ ਜੇਤੂ ਰਹੀ। ਮਾਲੀ ਦੀ ਕੁਸ਼ਤੀ ਦੇ ਫ਼ਸਵੇਂ ਮੁਕਾਬਲੇ ’ਚ ਪਹਿਲਵਾਨ ਪੰਮਾ ਡੇਰਾ ਬਾਬਾ ਨਾਨਕ ਅਤੇ ਸੋਨੂੰ ਕਾਂਗੜਾ 25 ਮਿੰਟਾਂ ਮਗਰੋਂ ਬਰਾਬਰ ਛੁਡਾਏ ਗਏ। ਇਨਾਮ ਵੰਡ ਸਮਾਗਮ ਵਿੱਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਨੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।
ਤਸਵੀਰਾਂ- ਪਿੰਡ ਭੁੰਬਲੀ ਛਿੰਝ ਖੇਡ ਮੇਲੇ ’ਚ ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।