ਹਰਪ੍ਰੀਤ ਕੌਰ
ਹੁਸ਼ਿਆਰਪੁਰ, 22 ਜੁਲਾਈ
ਪੰਜਾਬ ਸਰਕਾਰ ਵਲੋਂ ਸੋਲਿਡ ਵੇਸਟ ਮੈਨੇਜਮੈਂਟ ਨਿਯਮਾਂ ਨੂੰ ਲਾਗੂ ਨਾ ਕਰਨ ਕਰਕੇ ਬਿਸਤ ਦੋਆਬ ਨਹਿਰ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਨਹਿਰ ਦੇ ਆਸ-ਪਾਸ ਕੰਮ ਕਰਨ ਵਾਲੇ ਲੋਕ ਕਚਰਾ ਆਦਿ ਨਹਿਰ ਵਿਚ ਸੁੱਟ ਦਿੰਦੇ ਹਨ ਜਿਸ ਨਾਲ ਪਾਣੀ ਦੇ ਵਹਾਅ ਵਿਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਨਹਿਰ ਦੇ ਕਿਨਾਰਿਆਂ ਨੂੰ ਨੁਕਸਾਨ ਪਹੁੰਚਦਾ ਹੈ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਨਹਿਰ ’ਚ ਜਮ੍ਹਾਂ ਹੋਏ ਕਚਰੇ ਵਿਚੋਂ ਕਈ ਲੋਕਾਂ ਨੂੰ ਰੋਜ਼ੀ ਰੋਟੀ ਖਾਤਿਰ ਪਲਾਸਟਿਕ ਇਕੱਠੀ ਕਰਦਿਆਂ ਦੇਖਿਆ ਜੋ ਉਨ੍ਹਾਂ ਦੀ ਜਾਨ ਲਈ ਬੇਹੱਦ ਖਤਰਨਾਕ ਸੀ। ਉਨ੍ਹਾਂ ਕਿਹਾ ਕਿ ਨਹਿਰ ਵਿਚ ਕਈ ਵਾਰ ਮਰੇ ਹੋਏ ਜਾਨਵਰ ਆਦਿ ਵੀ ਤੈਰ ਰਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਜੋ ਅਸਲੀਅਤ ਤੋਂ ਕਿਤੇ ਦੂਰ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਗਰੀਬ ਲੋਕ ਨਹਿਰ ’ਚ ਤੈਰ ਰਹੇ ਕੂੜੇ ਕਰਕਟ ਵਿਚੋਂ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਪਲਾਸਟਿਕ ਆਦਿ ਇਕੱਠਾ ਕਰਦੇ ਹਨ ਜਿਸ ਨੂੰ ਵੇਚ ਕੇ ਰੋਜ਼ੀ ਰੋਟੀ ਦਾ ਪ੍ਰਬੰਧ ਕਰਦੇ ਹਨ। ਧੀਮਾਨ ਨੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਸਤ ਦੋਆਬ ਨਹਿਰ ਦੀ ਸੁਰੱਖਿਆ ਲਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਹਿਰ ਵਿਚ ਕਚਰਾ ਸੁੱਟਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।