ਬਲਾਚੌਰ: ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਅਜੈ ਕੁਮਾਰ ਮੰਗੂਪੁਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਦਾ ਵਿਕਾਸ ਤਾਂ ਦੂਰ ਕਿਸਾਨਾਂ ਸਣੇ ਹੋਰ ਕਿਸੇ ਭਾਈਚਾਰੇ ਦੀ ਸਾਰ ਤਕ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਕੰਢੀ ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਜੰਗਲੀ ਜਾਨਵਰ ਖਾ ਜਾਂਦੇ ਸਨ, ਜਿਸ ਦਾ ਹੱਲ ਕਰਦਿਆਂ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਜਿਮੀਂਦਾਰਾਂ ਨੂੰ ਖੇਤਾਂ ਦੁਆਲੇ ਲੋਹੇ ਦੇ ਜਾਲ ਲਗਾਉਣ ਲਈ ਵੱਡੇ ਪੱਧਰ ’ਤੇ ਸਬਸਿਡੀਆਂ ਜਾਰੀ ਕਰਵਾ ਕੇ ਰਾਹਤ ਦਿਵਾਈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਬਲਾਚੌਰ ਹਲਕੇ ਦੇ ਵਿਕਾਸ ਹਿਤ ਜਿੱਥੇ ਵੱਡੇ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ, ਉੱਥੇ ਕੰਢੀ ਏਰੀਏ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਚ ਖੇਤੀਬਾੜੀ ਡਿਪਲੋਮਾ ਅਤੇ ਖੇਤੀਬਾੜੀ ਦੀਆਂ ਗ੍ਰੈਜੂਏਸ਼ਨ ਪੱਧਰ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਦੇ ਨਾਲ-ਨਾਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲ ਸਕੀਮ ਅਧੀਨ ਲਿਆਂਦਾ ਗਿਆ। -ਨਿੱਜੀ ਪੱਤਰ ਪ੍ਰੇਰਕ