ਬਲਵਿੰਦਰ ਸਿੰਘ ਭੰਗੂ
ਭੋਗਪੁਰ, 27 ਮਈ
ਲੋਕ ਸਭਾ ਹਲਕਾ ਜਲੰਧਰ ਵਿੱਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਮਾਰਕੀਟ ਕਮੇਟੀ ਭੋਗਪੁਰ ਦੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਭਟਨੂਰਾ ਵੱਲੋਂ ਰੱਖੀ ਚੋਣ ਰੈਲੀ ਵਿੱਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਸੰਸਦੀ ਸਕੱਤਰ ਕੰਵਲਜੀਤ ਸਿੰਘ ਲਾਲੀ, ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸੇਵਾਮੁਕਤ ਐੱਸਐੱਸਪੀ ਜਗਜੀਤ ਸਿੰਘ ਭਗਤਾਨਾ, ਸਾਬਕਾ ਡਾਇਰੈਕਟਰ ਭੁਪਿੰਦਰ ਸਿੰਘ ਸੈਣੀ ਅਤੇ ਰਾਮ ਲੁਭਾਇਆ ਬੀਡੀਪੀਓ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਹਲਕੇ ਵਿੱਚ ਭਾਜਪਾ ਦਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤਿੰਨ, ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਤਿੰਨ ਅਤੇ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੋ ਸਿਆਸੀ ਪਾਰਟੀਆਂ ਬਦਲ ਕੇ ਚੋਣ ਲੜ ਰਹੇ ਹਨ ਜਿਸ ਕਰਕੇ ਇਨ੍ਹਾਂ ਤਿੰਨਾਂ ਉਮੀਦਵਾਰਾਂ ਦੀ ਨਾ ਨੀਤੀ ਅਤੇ ਨੀਅਤ ਸਾਫ਼ ਹੈ ਜਦੋਂਕਿ ਦੂਜੇ ਪਾਸੇ ਸੂਝਵਾਨ ਅਤੇ ਇਮਾਨਦਾਰ ਟਕਸਾਲੀ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਹਨ। ਬੁਲਾਰਿਆਂ ਨੇ ਕਿਹਾ ਪੰਜਾਬ ਵਿੱਚ ‘ਆਪ’ ਦੀ ਸਰਕਾਰ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਦੇ ਆਪਸ ਵਿੱਚ ਸਿੰਘ ਫਸੇ ਰਹਿਣ ਕਰਕੇ ਪੰਜਾਬ ਦਾ ਵਿਕਾਸ ਠੱਪ ਹੋ ਗਿਆ ਹੈ।
ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਦੇਸ਼ ਦੀ ਆਜ਼ਾਦੀ ਲਈ ਕਾਂਗਰਸ ਪਾਰਟੀ ਦਾ ਵੱਡਮੁੱਲਾ ਯੋਗਦਾਨ ਹੈ ਪਰ ਮਾੜੀ ਕਿਸਮਤ ਨਾਲ ਪਿਛਲੇ ਦਸ ਸਾਲਾਂ ਵਿੱਚ ਭਾਜਪਾ ਨੇ ਦੇਸ਼ ਦਾ ਸਾਰਾ ਸਰਮਾਇਆ ਕੁਝ ਹੱਥਾਂ ਵਿੱਚ ਦੇ ਕੇ ਦੇਸ਼ ਨੂੰ ਕੰਗਾਲ ਕਰ ਦਿੱਤਾ। ਉਨ੍ਹਾਂ ਕਿਹਾ ਭਾਜਪਾ ਘੱਟ ਗਿਣਤੀਆਂ ਕੌਮਾਂ ਅਤੇ ਦਲਿਤਾਂ ਨੂੰ ਦਬਾਅ ਕੇ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਮ ਕਰ ਕੇ ਤਾਨਾਸ਼ਾਹੀ ਪ੍ਰਣਾਲੀ ਦਾ ਮੁੱਢ ਬੰਨ ਰਹੀ ਹੈ। ਉਨ੍ਹਾਂ ਕਿਹਾ ਕੇਂਦਰ ਵਿੱਚ ਅਗਲੀ ਸਰਕਾਰ ਇੰਡੀਆ ਗੱਠਜੋੜ ਦੀ ਅਵੱਸ਼ ਬਣੇਗੀ।
ਸੰਵਿਧਾਨ ਬਦਲ ਕੇ ਬਾਬਾ ਸਾਹਿਬ ਦਾ ਨਾਂ ਖਤਮ ਕਰਨਾ ਚਾਹੁੰਦੀ ਹੈ ਭਾਜਪਾ: ਟੁਰਨਾ
ਸ਼ਾਹਕੋਟ: ਭਾਜਪਾ ਭਾਰਤੀ ਸੰਵਿਧਾਨ ਨੂੰ ਬਦਲ ਕੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਨਾਂ ਹੀ ਖਤਮ ਕਰ ਦੇਣਾ ਚਾਹੁੰਦੀ ਹੈ। ਹਲਕਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਹਲਕਾ ਸ਼ਾਹਕੋਟ ਦੇ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਕਾਂਗਰਸ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਟੁਰਨਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਚੋਣਾਂ ਸੰਵਿਧਾਨ ਨੂੰ ਬਚਾਉਣ ਤੇ ਇਸ ਨੂੰ ਖਤਮ ਕਰਨ ਵਾਲਿਆਂ ਦਰਮਿਆਨ ਹੋ ਰਹੀਆਂ ਹਨ। ਉਨ੍ਹਾਂ ਭਾਜਪਾ ਨੂੰ ਸੱਤਾ ਤੋਂ ਪਾਸੇ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇੰਡੀਆ ਗੱਠਜੋੜ ਨੂੰ ਸੱਤਾ ਵਿੱਚ ਲਿਆਉਣ ਨਾਲ ਹੀ ਭਾਰਤ ਦੇ ਸੰਵਿਧਾਨ, ਲੋਕਤੰਤਰ ਅਤੇ ਬਾਬਾ ਸਾਹਿਬ ਦੀ ਸੋਚ ਨੂੰ ਬਚਾਇਆ ਜਾ ਸਕਦਾ ਹੈ। -ਪੱਤਰ ਪ੍ਰੇਰਕ